ਕਕਰਾਲਾ ਭਾਈਕਾ ਤੋਂ ਚੋਰੀ ਮੱਝਾਂ ਪਾਣੀਪਤ ਤੋਂ ਬਰਾਮਦ; ਮੁਲਜ਼ਮ ਕਾਬੂ
ਪੱਤਰ ਪ੍ਰੇਰਕ
ਸਮਾਣਾ, 21 ਨਵੰਬਰ
ਇੱਥੇ ਬੀਤੀ 16-17 ਨਵੰਬਰ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਚੋਰਾਂ ਵੱਲੋਂ ਪਿੰਡ ਕਕਰਾਲਾ ਭਾਈਕਾ ਤੋਂ ਇੱਕ ਕਿਸਾਨ ਦੇ ਪਸ਼ੂ ਵਾੜੇ ’ਚੋਂ ਚੋਰੀ ਕੀਤੀਆਂ ਤਿੰਨ ਮੱਝਾਂ ਤੇ ਇੱਕ ਕਟਰੂ ਨੂੰ ਵਾਹਨ ਤੇ ਕਥਿਤ ਦੋਸ਼ੀ ਸਮੇਤ ਕਾਬੂ ਕਰ ਕੇ ਸਦਰ ਪੁਲਸ ਮੁਲਾਜ਼ਮਾਂ ਨੇ ਮਾਮਲੇ ਵਿੱਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਸਦਰ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਪਿੰਡ ਕਕਰਾਲਾ ਭਾਈਕਾ ਦੇ ਕਿਸਾਨ ਗੁਰਵਿੰਦਰ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ 16-17 ਨਵੰਬਰ ਦੀ ਦਰਮਿਆਨੀ ਰਾਤ ਨੂੰ ਉਸ ਦੇ ਪਸ਼ੂ ਵਾੜੇ ’ਚੋਂ ਅਣਪਛਾਤੇ ਚੋਰ ਤਿੰਨ ਮੱਝਾਂ ਤੇ ਇੱਕ ਕਟਰੂ ਕੈਂਟਰ ਰਾਹੀਂ ਚੋਰੀ ਕਰ ਕੇ ਫਰਾਰ ਹੋ ਗਏ ਸਨ ਜਿਸ ਦਾ ਪਤਾ ਉਨ੍ਹਾਂ ਨੂੰ ਸਵੇਰੇ ਲੱਗਾ ਅਤੇ ਉਨ੍ਹਾਂ ਪੁਲੀਸ ਨੂੰ ਘਟਨਾ ਦੀ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਜਾਂਚ ਅਧਿਕਾਰੀ ਬਲਕਾਰ ਸਿੰਘ ਨੇ ਪਿੰਡ ਅਤੇ ਰਸਤਿਆਂ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਕੈਂਟਰ ਦੀ ਸ਼ਨਾਖਤ ਕਰ ਕੇ ਦੋ ਦਿਨਾਂ ਬਾਅਦ ਪਾਣੀਪਤ ਨੇੜਿਓਂ ਇੱਕ ਚੋਰ, ਮੱਝਾਂ ਸਣੇ ਕਾਬੂ ਕਰ ਲਿਆ, ਜਦੋਂਕਿ ਦੋ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਦੀ ਪਹਿਚਾਣ ਅਰਫਾਨ ਵਾਸੀ ਗੜ੍ਹੀ ਪੁਕਤਾ ਜ਼ਿਲ੍ਹਾ ਸ਼ਾਮਲੀ (ਯੂ.ਪੀ.) ਵਜੋਂ ਹੋਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੇਸ਼ੇਵਰ ਫ਼ਰਾਰ ਮੁਲਜ਼ਮਾਂ ਨੂੰ ਜਲਦੀ ਕਾਬੂ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।