For the best experience, open
https://m.punjabitribuneonline.com
on your mobile browser.
Advertisement

ਬੁੱਢਾ ਦਰਿਆ: ਹੜ੍ਹਾਂ ਮੌਕੇ ਮਿੱਟੀ ਰੰਗਾ ਹੋਇਆ ਪਾਣੀ ਮੁੜ ਕਾਲਾ ਸਿਆਹ ਹੋਣ ਲੱਗਾ

08:53 AM Jul 17, 2023 IST
ਬੁੱਢਾ ਦਰਿਆ  ਹੜ੍ਹਾਂ ਮੌਕੇ ਮਿੱਟੀ ਰੰਗਾ ਹੋਇਆ ਪਾਣੀ ਮੁੜ ਕਾਲਾ ਸਿਆਹ ਹੋਣ ਲੱਗਾ
ਬੁੱਢੇ ਦਰਿਆ ਦਾ ਕਾਲਾ ਹੋਇਆ ਪਾਣੀ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਸਤਵਿੰਦਰ ਬਸਰਾ
ਲੁਧਿਆਣਾ, 16 ਜੁਲਾਈ
ਸੂਬੇ ਭਰ ਵਿੱਚ ਪਿਛਲੇ ਦਨਿੀਂ ਆਏ ਹੜ੍ਹਾਂ ਨੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਦੌਰਾਨ ਬੁੱਢਾ ਨਾਲਾ ਕਹਾਉਣ ਵਾਲੇ ਬੁੱਢੇ ਦਰਿਆ ਦਾ ਪਾਣੀ ਮਿੱਟੀ ਰੰਗਾ ਅਤੇ ਸਾਫ ਹੋ ਗਿਆ ਸੀ ਜੋ ਕਿ ਹੁਣ ਡਾਇੰਗਾਂ ਅਤੇ ਫੈਕਟਰੀਆਂ ਦੇ ਚੱਲਣ ਨਾਲ ਦੁਬਾਰਾ ਕਾਲਾ ਸਿਆਹ ਹੁੰਦਾ ਜਾ ਰਿਹਾ ਹੈ। ਦੂਜੇ ਪਾਸੇ ਵਾਤਾਵਰਨ ਪ੍ਰੇਮੀਆਂ ਅਤੇ ਸਮਾਜ ਸੇਵੀ ਜੱਥੇਬੰਦੀਆਂ ਵੱਲੋਂ ਅਜਿਹਾ ਪ੍ਰਦੂਸ਼ਣ ਫੈਲਾਉਣ ਵਾਲਿਆਂ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ।
ਪਿਛਲੇ ਦਨਿਾਂ ਦੌਰਾਨ ਪਏ ਲਗਾਤਾਰ ਮੀਂਹਾਂ ਕਾਰਨ ਬੁੱਢਾ ਨਾਲਾ ਦੁਬਾਰਾ ਬੁੱਢਾ ਦਰਿਆ ਬਣ ਗਿਆ ਸੀ। ਇਸ ਦਾ ਪਾਣੀ ਵੀ ਦਰਿਆਵਾਂ ਦੀ ਤਰ੍ਹਾਂ ਮਿੱਟੀ ਰੰਗਾ ਅਤੇ ਸਾਫ ਹੋ ਗਿਆ ਸੀ। ਇਸ ਦਰਿਆ ਵਿੱਚ ਵਧੇ ਪਾਣੀ ਨੇ ਆਸ-ਪਾਸ ਕਾਫੀ ਨੁਕਸਾਨ ਕੀਤਾ। ਜੇਕਰ ਮੀਂਹ ਬੰਦ ਨਾ ਹੁੰਦਾ ਜਾਂ ਪਿੱਛੋਂ ਹੋਰ ਪਾਣੀ ਆਉਣਾ ਬੰਦ ਨਾ ਹੁੰਦਾ ਤਾਂ ਇਹ ਬੁੱਢਾ ਦਰਿਆ ਹੋਰ ਵੀ ਨੁਕਸਾਨ ਕਰ ਸਕਦਾ ਸੀ। ਹੁਣ ਇਸ ਦਾ ਪਾਣੀ ਚਾਰ ਤੋਂ ਪੰਜ ਫੁੱਟ ਤੱਕ ਹੇਠਾਂ ਆ ਗਿਆ ਹੈ। ਇਸ ਦੌਰਾਨ ਬੁੱਢੇ ਨਾਲੇ ਦਾ ਪਾਣੀ ਦੂਸ਼ਿਤ ਹੋਣ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਡਾਇੰਗਾਂ ਅਤੇ ਫੈਕਟਰੀਆਂ ਨੂੰ ਬੰਦ ਕਰ ਦਿੱਤਾ ਸੀ ਪਰ ਹੁਣ ਇਨ੍ਹਾਂ ਡਾਇੰਗਾਂ ਅਤੇ ਫੈਕਟਰੀਆਂ ਨੇ ਦੁਬਾਰਾ ਦੂਸ਼ਿਤ ਪਾਣੀ ਬੁੱਢੇ ਨਾਲੇ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ ਹੈ ਜਿਸ ਕਾਰਨ ਸਾਫ ਹੋਇਆ ਪਾਣੀ ਦੁਬਾਰਾ ਹੌਲੀ-ਹੌਲੀ ਕਾਲਾ ਸਿਆਹ ਹੋਣਾ ਸ਼ੁਰੂ ਹੋ ਗਿਆ ਹੈ।
ਉੱਧਰ, ਸਮਾਜ ਸੇਵੀਆਂ ਅਤੇ ਵਾਤਾਵਰਨ ਪ੍ਰੇਮੀਆਂ ਦੀ ਜੱਥੇਬੰਦੀ ‘ਬੁੱਢਾ ਦਰਿਆ ਪੈਦਲ ਯਾਤਰਾ’ ਦੇ ਕੋਆਰਡੀਨੇਟਰ ਕਰਨਲ ਸੀ.ਐੱਮ. ਲਖਨਪਾਲ ਨੇ ਕਿਹਾ ਕਿ ‘ਬੁੱਢਾ ਦਰਿਆ ਪੈਦਲ ਯਾਤਰਾ-3’ ਦੌਰਾਨ ਉਨ੍ਹਾਂ ਫੈਕਟਰੀਆਂ, ਡਾਇੰਗਾਂ ਅੱਗੇ ਰੋਸ ਪ੍ਰਦਰਸ਼ਨ ਕਰ ਕੇ ਉਨ੍ਹਾਂ ਨੂੰ ਬੰਦ ਕਰਵਾਇਆ ਜਾਵੇਗਾ ਜਿਹੜੀਆਂ ਕਿ ਬੁੱਢੇ ਦਰਿਆ ਵਿੱਚ ਪ੍ਰਦੂਸ਼ਣ ਫੈਲਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਹੜ੍ਹ ਮੌਕੇ ਬੁੱਢੇ ਦਰਿਆ ਦਾ ਪਾਣੀ ਵੀ ਮਿੱਟੀ ਰੰਗਾ ਹੋ ਗਿਆ ਸੀ ਪਰ ਅਫਸੋਸ ਪਿਛਲੇ ਤਿੰਨ-ਚਾਰ ਦਨਿਾਂ ਤੋਂ ਇਹ ਪਾਣੀ ਦੁਬਾਰਾ ਕਾਲਾ ਸਿਆਹ ਹੋ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਭ ਕੁਝ ਕਥਿਤ ਮਿਲੀਭੁਗਤ ਨਾਲ ਹੋ ਰਿਹਾ ਹੈ।
ਜਲਦੀ ਹੀ ਗਾਰ ਕੱਢ ਕੇ ਕੀਤੀ ਜਾਵੇਗੀ ਬੁੱਢੇ ਨਾਲੇ ਦੀ ਸਫਾਈ: ਵਿਧਾਇਕ
ਹਲਕਾ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਇਸ ਬਾਰੇ ਗੱਲ ਕਰਨ ’ਤੇ ਕਿਹਾ ਕਿ ਜਲਦੀ ਹੀ ਅੰਮ੍ਰਿਤ ਧਰਮ ਕੰਡੇ ਦੇ ਸਾਹਮਣੇ ਪੈਂਦੀ ਬੁੱਢੇ ਨਾਲੇ ਦੀ ਇਸ ਪੁਲੀ ਨੂੰ 18 ਫੁੱਟ ਤੋਂ ਵਧਾ ਕੇ 30 ਫੁੱਟ ਚੌੜਾ ਕਰਨ ਦੇ ਨਾਲ-ਨਾਲ ਉੱਚਾ ਕਰ ਕੇ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਬੁੱਢੇ ਨਾਲੇ ’ਤੇ ਤਿੰਨ ਹੋਰ ਪੁਲੀਆਂ ਬਣਾਈਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਆਉਣ-ਜਾਣ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ। ਬੁੱਢੇ ਨਾਲੇ ਦੇ ਕਾਲੇ ਹੋਏ ਪਾਣੀ ਸਬੰਧੀ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਕਿਹਾ ਕਿ ਪਹਿਲਾਂ ਬੁੱਢੇ ਦਰਿਆ ਵਿੱਚੋਂ ਬੂਟੀ ਦੀ ਸਫਾਈ ਕੀਤੀ ਗਈ ਸੀ ਅਤੇ ਹੁਣ ਜਲਦੀ ਹੀ ਗਾਰ ਕੱਢ ਕੇ ਸਫਾਈ ਕੀਤੀ ਜਾਵੇਗੀ। ਇਹ ਪੁੱਛੇ ਜਾਣ ’ਤੇ ਕਿ ਕੀ ਡਾਇੰਗਾਂ ਤੋਂ ਨਿਕਲਦੇ ਦੂਸ਼ਿਤ ਪਾਣੀ ਕਾਰਨ ਬੁੱਢੇ ਨਾਲੇ ਦਾ ਪਾਣੀ ਦੁਬਾਰਾ ਕਾਲਾ ਹੋ ਗਿਆ ਹੈ ਤਾਂ ਉਨ੍ਹਾਂ ਕਿਹਾ ਕਿ ਡਾਇੰਗਾਂ ਤਾਂ ਕਈ ਦਨਿਾਂ ਤੋਂ ਬਾਅਦ ਅੱਜ ਚੱਲੀਆਂ ਹਨ ਜਦਕਿ ਕਈ ਡਾਇੰਗਾਂ ਦੇ ਸੀਵਰੇਜ ਬੰਦ ਪਏ ਹਨ।
ਆਮ ਦਨਿਾਂ ਵਿੱਚ ਟਰੈਫਿਕ ’ਚ ਅੜਿੱਕਾ ਬਣਦੀ ਹੈ ਬੁੱਢੇ ਨਾਲੇ ਦੀ ਪੁਲੀ
ਲੁਧਿਆਣਾ (ਖੇਤਰੀ ਪ੍ਰਤੀਨਿਧ): ਪਿਛਲੇ ਦਨਿਾਂ ਦੌਰਾਨ ਆਏ ਹੜ੍ਹਾਂ ਦੌਰਾਨ ਪਾਣੀ ਦੀ ਨਿਕਾਸੀ ਵਿੱਚ ਵੱਡਾ ਅੜਿੱਕਾ ਬਣੀ ਬੁੱਢੇ ਨਾਲੇ ਦੀ ਨੀਵੀਂ ਪੁਲੀ ਆਮ ਦਨਿਾਂ ਵਿੱਚ ਵੀ ਟਰੈਫਿਕ ਲਈ ਵੀ ਮੁਸੀਬਤ ਬਣਦੀ ਆ ਰਹੀ ਹੈ। ਅੱਜ ਐਤਵਾਰ ਨੂੰ ਵੀ ਇਹ ਪੁਲੀ ਦਿਹਾੜੀ ਵਿੱਚ ਕਈ ਵਾਰ ਟਰੈਫਿਕ ਵਿੱਚ ਅੜਿੱਕਾ ਬਣੀ ਰਹੀ। ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਇਸ ਪੁਲੀ ਨੂੰ ਚੌੜੀ ਅਤੇ ਉੱਚੀ ਕਰ ਕੇ ਬਣਾਇਆ ਜਾਵੇ। ਤਾਜਪੁਰ ਰੋਡ ਨੇੜੇ ਪੈਂਦੀ ਬੁੱਢੇ ਨਾਲੇ ਦੀ ਇਹ ਪੁਲੀ ਪਿਛਲੇ ਕੁਝ ਸਮੇਂ ਤੋਂ ਚਰਚਾ ਵਿੱਚ ਚਲਦੀ ਆ ਰਹੀ ਹੈ। ਬਰਸਾਤੀ ਮੌਸਮ ’ਚ ਬੁੱਢੇ ਨਾਲੇ ਵਿੱਚ ਪਿੱਛੋਂ ਰੁੜ੍ਹ ਕੇ ਆਈ ਬੂਟੀ ਇਸ ਪੁਲੀ ਹੇਠਾਂ ਫਸ ਜਾਣ ਕਾਰਨ ਪਾਣੀ ਦੀ ਨਿਕਾਸੀ ਪੂਰੀ ਤਰ੍ਹਾਂ ਨਹੀਂ ਹੋਈ ਸੀ, ਜਿਸ ਕਾਰਨ ਪਾਣੀ ਨੀਵੀਆਂ ਥਾਵਾਂ ’ਤੇ ਭਰ ਗਿਆ ਸੀ। ਆਮ ਦਨਿਾਂ ਵਿੱਚ ਵੀ ੲਿਹ ਪੁਲੀ ਘੱਟ ਚੌੜੀ ਹੋਣ ਕਰ ਕੇ ਟਰੈਫਿਕ ਵਿੱਚ ਅੜਿੱਕਾ ਬਣੀ ਰਹਿੰਦੀ ਹੈ। ਐਤਵਾਰ ਨੂੰ ਵੀ ਇਸ ਪੁਲੀ ’ਤੇ ਦਿਹਾੜੀ ਵਿੱਚ ਕਈ ਵਾਰ ਟਰੈਫਿਕ ਜਾਮ ਹੋਇਆ। ਪੁਲੀ ਦੀ ਚੌੜਾਈ ਘੱਟ ਹੋਣ ਕਰ ਕੇ ਦੋ-ਦੋ ਗੱਡੀਆਂ ਇਕੱਠੀਆਂ ਨਹੀਂ ਲੰਘ ਸਕਦੀਆਂ ਪਰ ਐਤਵਾਰ ਨੂੰ ਦੋਵੇਂ ਪਾਸਿਆਂ ਤੋਂ ਇੱਕੋ ਸਮੇਂ ਵੱਡੀਆਂ ਗੱਡੀਆਂ ਆ ਗਈਆਂ ਜਿਸ ਕਾਰਨ ਟਰੈਫਿਕ ਜਾਮ ਹੋ ਗਿਆ। ਇਹ ਟਰੈਫਿਕ ਜਾਮ ਸਿਰਫ ਐਤਵਾਰ ਨੂੰ ਹੀ ਨਹੀਂ ਸਗੋਂ ਹੋਰ ਦਨਿਾਂ ਵਿੱਚ ਵੀ ਸਵੇਰੇ-ਸ਼ਾਮ ਲੱਗ ਜਾਂਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਪੁਲੀ ਉਸ ਸਮੇਂ ਦੀ ਬਣੀ ਹੋਈ ਹੈ ਜਦੋਂ ਇਸ ਪਾਸੇ ਟਾਵਾਂ-ਟਾਵਾਂ ਵਾਹਨ ਆਉਂਦਾ ਸੀ ਅਤੇ ਆਬਾਦੀ ਵੀ ਘੱਟ ਹੁੰਦੀ ਸੀ ਪਰ ਹੁਣ ਆਬਾਦੀ ਦੇ ਹਿਸਾਬ ਨਾਲ ਗੱਡੀਆਂ ਦੀ ਆਵਾਜਾਈ ਵੀ ਕਈ ਗੁਣਾ ਵਧ ਗਈ ਹੈ ਜਿਸ ਕਰ ਕੇ ਇਸ ਪੁਲੀ ਨੂੰ ਚੌੜੀ ਕਰਨ ਤੋਂ ਇਲਾਵਾ ਹੋਰ ਕੋਈ ਹੱਲ ਨਜ਼ਰ ਨਹੀਂ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲੀ ਦੇ ਨਾਲ ਲੱਗੇ ਬਿਜਲੀ ਦੇ ਖੰਭੇ ਕਿਸੇ ਹੋਰ ਥਾਂ ਤਬਦੀਲ ਕਰ ਕੇ ਪੁਲੀ ਨੂੰ ਚੌੜਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰੋਜ਼ ਰੋਜ਼ ਜਾਮ ਵਿੱਚ ਖੜ੍ਹੇ ਹੋਣ ਤੋਂ ਨਿਜ਼ਾਤ ਮਿਲ ਸਕੇ।

Advertisement

Advertisement
Tags :
Author Image

Advertisement
Advertisement
×