ਸਿੱਖਿਆ ਤੇ ਵਾਤਾਵਰਨ ਲਈ ਬਜਟ ਨਿਰਾਸ਼ਾਜਨਕ: ਪ੍ਰਿੰਸੀਪਲ
ਬਠਿੰਡਾ (ਪੱਤਰ ਪ੍ਰੇਰਕ): ਜਮਹੂਰੀ ਅਧਿਕਾਰ ਸਭਾ ਦੇ ਆਗੂ ਤੇ ਸੇਵਾਮੁਕਤ ਪ੍ਰਿੰਸੀਪਲ ਬੱਗਾ ਸਿੰਘ ਨੇ ਅੱਜ ਸੰਸਦ ਵਿੱਚ ਪੇਸ਼ ਹੋਏ ਕੇਂਦਰੀ ਬਜਟ ਨੂੰ ਸਿੱਖਿਆ ਤੇ ਵਾਤਾਵਰਨ ਖੇਤਰ ਲਈ ਬੇਹੱਦ ਨਿਰਾਸ਼ਾਜਨਕ ਤੇ ਮੁਨਾਫਾਖੋਰਾਂ ਲਈ ਫਾਇਦੇਮੰਦ ਦਸਦਿਆਂ ਇਸ ’ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਜੋ ਕਿ ਸਿੱਖਿਆ ਖੇਤਰ ਨੂੰ ਵਪਾਰੀਕਰਨ ਦੇ ਹਵਾਲੇ ਕਰਦੀ ਹੈ। ਉਸ ਨੂੰ ਇੰਨ-ਬਿੰਨ ਹੀ ਰੱਖਿਆ ਗਿਆ ਹੈ। ਗਰੀਬਾਂ ਦੇ ਬੱਚਿਆਂ ਲਈ ਵਜ਼ੀਫਾ ਸਕੀਮ ’ਚ ਕੋਈ ਵਾਧਾ ਜਾਂ ਫਿਰ ਉਨ੍ਹਾਂ ਲਈ ਮੁਫਤ ਵਿਦਿਆ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੰਗਲਾਂ ਦੀ ਕਟਾਈ ਕਰਕੇ ਵਾਤਾਵਰਨ ਪਹਿਲਾਂ ਨਾਲੋਂ ਪ੍ਰਦੂਸ਼ਿਤ ਹੋਇਆ ਹੈ ਅਤੇ ਇਸ ਦਾ ਮਨੁੱਖਾਂ ’ਤੇ ਮਾੜਾ ਸਿਰ ਪਿਆ ਹੈ। ਇਸ ਦੇ ਸੁਧਾਰ ਲਈ ਕੋਈ ਠੋਸ ਵਿਉਂਤ ਨਹੀਂ ਲਿਆਂਦੀ ਗਈ। ਪ੍ਰਦੂਸ਼ਿਤ ਹੋਏ ਨਦੀਆਂ ਨਾਲੇ ਅਤੇ ਸ਼ਹਿਰਾਂ ਦੇ ਸੀਵਰੇਜ ਸਿਸਟਮ ਨੂੰ ਬਿਹਤਰ ਬਣਾਉਣ ਲਈ ਵੀ ਕੋਈ ਬਹੁਤਾ ਬਜਟ ਰੱਖਿਆ ਨਹੀਂ ਰੱਖਿਆ ਗਿਆ ਉਲਟਾ ਰੱਖਿਆ ਬਜਟ ਵਿੱਚ 60 ਹਜਾਰ ਕਰੋੜ ਦਾ ਵਾਧਾ ਕਰ ਦਿੱਤਾ ਗਿਆ ਹੈ।