Budget 2025 ਸੀਤਾਰਮਨ ਵੱਲੋਂ ਮੁੜ ਪੇਪਰਲੈੱਸ ਬਜਟ ਪੇਸ਼
ਨਵੀਂ ਦਿੱਲੀ, 1 ਫਰਵਰੀ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਕ ਵਾਰ ਫਿਰ ਰਵਾਇਤੀ ‘ਵਹੀ ਖਾਤਾ’ ਅੰਦਾਜ਼ ਵਿਚ ਲਾਲ ਕਵਰ ਵਿਚ ਰੱਖੇ ਡਿਜੀਟਲ ਟੈਬਲੇਟ ਜ਼ਰੀਏ ਸ਼ਨਿੱਚਰਵਾਰ ਨੂੰ ਆਪਣਾ ਲਗਾਤਾਰ 8ਵਾਂ ਬਜਟ ਪੇਸ਼ ਕੀਤਾ। ਭਾਰਤ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਸੀਤਾਰਮਨ ਨੇ ਜੁਲਾਈ 2019 ਵਿਚ ਬਜਟ ਬ੍ਰੀਫਕੇਸ ਲਿਜਾਣ ਦੀ ਗੈਰਰਸਮੀ ਰਵਾਇਤ ਨੂੰ ਤੋੜਦਿਆਂ ਕੇਂਦਰੀ ਬਜਟ ਦੇ ਦਸਤਾਵੇਜ਼ ਲਿਜਾਣ ਲਈ ਰਵਾਇਤੀ ‘ਵਹੀ ਖਾਤੇ’ ਦਾ ਬਦਲ ਚੁਣਿਆ ਸੀ।
ਇਸ ਤੋਂ ਅਗਲੇ ਸਾਲ ਉਨ੍ਹਾਂ ਇਹ ਰਵਾਇਤ ਜਾਰੀ ਰੱਖੀ ਤੇ ਆਲਮੀ ਮਹਾਮਾਰੀ ਤੋਂ ਪ੍ਰਭਾਵਿਤ 2021 ਵਿਚ ਉਨ੍ਹਾਂ ਆਪਣੇ ਬਜਟ ਭਾਸ਼ਣ ਤੇ ਹੋਰ ਬਜਟ ਦਸਤਾਵੇਜ਼ਾਂ ਨੂੰ ਲਿਜਾਣ ਲਈ ਰਵਾਇਤੀ ਦਸਤਾਵੇਜ਼ਾਂ ਦੀ ਥਾਂ ਡਿਜੀਟਲ ਟੈਬਲੇਟ ਦੀ ਵਰਤੋਂ ਕੀਤੀ। ਉਹ ਅੱਜ ਵੀ ਇਸ ਰਵਾਇਤ ਨੂੰ ਜਾਰੀ ਰੱਖਦੇ ਹੋਏ ਨਜ਼ਰ ਆਏ।
ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਮਿਲਣ ਜਾਣ ਤੋਂ ਪਹਿਲਾਂ ਉਹ ਉੱਤਰੀ ਬਲਾਕ ਦੇ ਦਫ਼ਤਰ ਵਿਚ ਆਪਣੇ ਅਧਿਕਾਰੀਆਂ ਨਾਲ ਨਜ਼ਰ ਆਏ। ਇਸ ਮੌਕੇ ਉਨ੍ਹਾਂ ਕਰੀਮ ਰੰਗ ਦੀ ਸਾੜ੍ਹੀ ਪਾਈ ਹੋਈ ਸੀ। ਬਜਟ ਨੂੰ ਡਿਜੀਟਲ ਰੂਪ ਵਿਚ ਪੇਸ਼ ਕਰਨ ਲਈ ਉਨ੍ਹਾਂ ਦੇ ਹੱਥ ਵਿਚ ਬ੍ਰੀਫਕੇਸ ਦੀ ਥਾਂ ਟੈਬਲੇਟ ਸੀ।
ਟੈਬਲੇਟ ਨੂੰ ਬ੍ਰੀਫਕੇਸ ਦੀ ਥਾਂ ਸੁਨਹਿਰੇ ਰੰਗ ਦੇ ਕੌਮੀ ਪ੍ਰਤੀਕ ਵਾਲੇ ਇਕ ਲਾਲ ਕਵਰ ਵਿਚ ਰੱਖਿਆ ਗਿਆ ਸੀ। ਅਪਰੈਲ 2025 ਵਿਚ ਸ਼ੁਰੂ ਹੋਣ ਵਾਲੇ ਵਿੱਤੀ ਸਾਲ 2025-26 ਲਈ ਉਨ੍ਹਾਂ ਦਾ ਬਜਟ 2014 ਮਗਰੋਂ ਨਰਿੰਦਰ ਮੋਦੀ ਸਰਕਾਰ ਅਧੀਨ ਲਗਾਤਾਰ 14ਵਾਂ ਬਜਟ ਹੈ, ਜਿਸ ਵਿਚ 2019 ਤੇ 2024 ਵਿਚ ਆਮ ਚੋਣਾਂ ਤੋਂ ਪਹਿਲਾਂ ਪੇਸ਼ ਕੀਤੇ ਗਏ ਦੋ ਅੰਤਰਿਮ ਬਜਟ ਵੀ ਸ਼ਾਮਲ ਹਨ। -ਪੀਟੀਆਈ