ਬੁੱਧਰਾਮ ਨੇ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਥਾਪੜਾ ਦਿੱਤਾ
ਜੋਗਿੰਦਰ ਸਿੰਘ ਮਾਨ
ਮਾਨਸਾ, 19 ਅਕਤੂਬਰ
ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਹਲਕੇ ਤੋਂ ਵਿਧਾਇਕ ਪਿ੍ਰੰਸੀਪਲ ਬੁੱਧ ਰਾਮ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਲੋਕਤੰਤਰ ਦਾ ਥੰਮ੍ਹ ਹੁੰਦੀ ਹੈ, ਜਿਸ ਦੀ ਚੋਣ ਹਰੇਕ ਪਿੰਡ ਦੇ ਵਸਨੀਕ ਪਿੰਡ ਦੀ ਤਰੱਕੀ ਲਈ ਆਪਣੀ ਸੂਝ-ਬੂਝ ਨਾਲ ਚੰਗੇ ਇਨਸਾਨ ਨੂੰ ਚੁਣ ਕੇ ਅੱਗੇ ਲਿਆਉਂਦੇ ਹਨ। ਉਹ ਅੱਜ ਬੁਢਲਾਡਾ ਵਿੱਚ ਹਲਕੇ ਦੀਆਂ ਜੇਤੂ ਪੰਚਾਇਤਾਂ ਦਾ ਸਨਮਾਨ ਕਰਨ ਮੌਕੇ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਆਪਣੇ ਦਫ਼ਤਰ ਵਿੱਚ ਹਲਕੇ ਦੀਆਂ ਜੇਤੂ ਪੰਚਾਇਤਾਂ ਦੇ ਮੈਂਬਰਾਂ/ਸਰਪੰਚਾਂ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ ਪਿੰਡ ਤਰੱਕੀ ਲਈ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਦੱਸਿਆ ਕਿ ਬਲਾਕ ਬੁਢਲਾਡਾ ਦੀਆਂ 85 ਪੰਚਾਇਤਾਂ ’ਚੋਂ ਪਹਿਲਾਂ ਸਰਬਸੰਮਤੀ ਨਾਲ 17 ਪੰਚਾਇਤਾਂ ਦੀ ਚੋਣ ਹੋ ਚੁੱਕੀ ਹੈ ਅਤੇ ਹੁਣ ਬਾਕੀ ਪੰਚਾਇਤਾਂ ਦੀ ਹੋਈ ਚੋਣ ਵਿੱਚੋਂ ਆਮ ਆਦਮੀ ਪਾਰਟੀ ਨਾਲ ਸਬੰਧਤ ਸਰਪੰਚ-ਮੈਂਬਰ ਵੱਡੀ ਗਿਣਤੀ ਵਿੱਚ ਜੇਤੂ ਰਹੇ ਹਨ ਅਤੇ 90 ਫੀਸਦੀ ਪੰਚਾਇਤਾਂ ਆਮ ਆਦਮੀ ਪਾਰਟੀ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚੋਂ ਪ੍ਰਮੁੱਖ ਪਿੰਡ ਅੱਕਾਂਵਾਲੀ, ਬਰ੍ਹੇ, ਬਹਾਦਰਪੁਰ, ਕਿਸ਼ਨਗੜ੍ਹ ਸੇਢਾ ਸਿੰਘ, ਸੇਖੂਪੁਰ ਖੁਡਾਲ, ਦਿਆਲਪੁਰਾ, ਮੰਢਾਲੀ, ਮੱਲ ਸਿੰਘ ਵਾਲਾ, ਜੋਈਆਂ, ਕਣਕਵਾਲ ਚਹਿਲਾਂ, ਰੰਘੜਿਆਲ, ਬੋੜਾਵਾਲ, ਆਲਮਪੁਰ ਮੰਦਰਾਂ ਆਦਿ ਪਿੰਡਾਂ ਵਿੱਚ ਪਾਰਟੀ ਨਾਲ ਸਬੰਧਤ ਸਰਪੰਚ-ਮੈਂਬਰ ਆਪਣੇ ਵਿਰੋਧੀ ਮੈਂਬਰਾਂ ਨੂੰ ਪਛਾੜ ਕੇ ਵਧੀਆ ਲੀਡ ਨਾਲ ਜਿੱਤੇ ਹਨ।
ਯੋਜਨਾ ਬੋਰਡ ਦੇ ਚੇਅਰਮੈਨ ਵੱਲੋਂ ਪੰਚਾਿੲਤਾਂ ਨੂੰ ਵਧਾਈ
ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਬੁਢਲਾਡਾ ਹਲਕੇ ਦੀਆਂ ਚੁਣੀਆਂ ਪੰਚਾਇਤਾਂ ਨੂੰ ਵਧਾਈ ਦਿੰਦਿਆਂ ਪਿੰਡਾਂ ਦੇ ਵਿਕਾਸ ਨੂੰ ਅੱਗੇ ਤੋਰਨ ਦੀ ਗੱਲ ਆਖੀ।