‘ਆਪ’ ਸਰਕਾਰ ਖ਼ਿਲਾਫ਼ ਗਰਜੇ ਬਸਪਾ ਵਰਕਰ
ਹਤਿੰਦਰ ਮਹਿਤਾ
ਜਲੰਧਰ, 13 ਅਗਸਤ
ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਅੱਜ ਬੂਟਾ ਮੰਡੀ ਵਿਚ ਮਹਾਪੰਚਾਇਤ ਕੀਤੀ ਗਈ। ਇਸ ਦੌਰਾਨ ਸੂਬੇ ਦੀ ‘ਆਪ’ ਸਰਕਾਰ ਦੇ ਦਲਿਤਾਂ, ਪੱਛੜੇ ਵਰਗ, ਕਿਰਤੀ, ਕਿਸਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ, ਮੀਡੀਆ ਅਦਾਰਿਆਂ ਖਿਲਾਫ ਕੀਤੇ ਜਾ ਰਹੇ ਜਬਰ, ਝੂਠੇ ਪਰਚਿਆਂ, ਬਾਬਾ ਸਾਹਿਬ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਤੇ ਇਸ ਕਾਰਵਾਈ ਦਾ ਵਿਰੋਧ ਕਰ ਰਹੇ ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਤੇ ਹੋਰ ਵਰਕਰਾਂ ਦੀ ਗ੍ਰਿਫਤਾਰੀ ਦਾ ਤਿੱਖਾ ਵਿਰੋਧ ਕੀਤਾ ਗਿਆ। ਇਸ ਮੌਕੇ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ, ਸੂਬਾ ਇੰਚਾਰਜ ਡਾ. ਨਛੱਤਰ ਪਾਲ ਐਮਐਲਏ ਤੇ ਅਜੀਤ ਸਿੰਘ ਭੈਣੀ ਵੀ ਸ਼ਾਮਲ ਹੋਏ ਤੇ ਬਸਪਾ ਸੂਬਾ ਜਨਰਲ ਸਕੱਤਰ ਤੇ ਜਲੰਧਰ ਲੋਕ ਸਭਾ ਦੇ ਇੰਚਾਰਜ ਐਡਵੋਕੇਟ ਬਲਵਿੰਦਰ ਕੁਮਾਰ ਤੇ ਸੂਬਾ ਜਨਰਲ ਸਕੱਤਰ ਗੁਰਮੇਲ ਚੁੰਬਰ ਨੇ ਵੀ ਸੰਬੋਧਨ ਕੀਤਾ। ਸ੍ਰੀ ਗੜ੍ਹੀ ਨੇ ਕਿਹਾ ਕਿ ਸੂਬੇ ’ਚ ਜਦੋਂ ਦੀ ‘ਆਪ’ ਸਰਕਾਰ ਬਣੀ ਹੈ, ਉਦੋਂ ਤੋਂ ਦਲਿਤਾਂ, ਪੱਛੜੇ ਵਰਗਾਂ, ਕਿਰਤੀ, ਕਿਸਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ ਤੇ ਮੀਡੀਆ ਅਦਾਰਿਆਂ ਖਿਲਾਫ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਦੇ ਨੂਰਪੁਰ ਅੱਡੇ ’ਤੇ ਨਸ਼ਿਆਂ ਖਿਲਾਫ ਪ੍ਰਦਰਸ਼ਨ ਕਰ ਰਹੇ 163 ਬਸਪਾ ਵਰਕਰਾਂ ’ਤੇ ਥਾਣਾ ਮਕਸੂਦਾਂ ਪੁਲੀਸ ਨੇ ਹਾਈਵੇਅ ਜਾਮ ਕਰਨ ਦਾ ਝੂਠਾ ਮਾਮਲਾ ਦਰਜ ਕੀਤਾ। ਉਨ੍ਹਾਂ ਜਲੰਧਰ ’ਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ’ਤੇ ਪੁਲੀਸ ਲਾਠੀਚਾਰਜ ਦੀ ਵੀ ਸਖਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਮਾਮਲਿਆਂ ’ਚ ਬਣਦਾ ਇਨਸਾਫ ਨਾ ਮਿਲਿਆ ਤਾਂ ਬਸਪਾ ਵੱਲੋਂ ਇਸ ਮੁੱਦੇ ’ਤੇ ਸਤੰਬਰ ਮਹੀਨੇ ’ਚ ਵੱਡਾ ਇਕੱਠ ਕੀਤਾ ਜਾਵੇਗਾ। ਹੋਰ ਆਗੂਆਂ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਦਲਿਤ, ਪੱਛੜੇ ਵਰਗਾਂ ਦੇ ਹੱਕ ਖੋਹੇ ਜਾ ਰਹੇ ਹਨ।