ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਕਰੇਗੀ ਬਸਪਾ: ਨਿੱਕਾ ਸਿੰਘ
ਕਰਨ ਸਿੰਘ
ਭੀਖੀ, 21 ਮਈ
ਲੋਕ ਸਭਾ ਹਲਕਾ ਬਠਿੰਡਾ ਤੋਂ ਬਸਪਾ ਦੇ ਉਮੀਦਵਾਰ ਨਿੱਕਾ ਸਿੰਘ ਲਖਵੀਰ ਵੱਲੋਂ ਭੀਖੀ, ਖੀਵਾ ਕਲਾਂ, ਖੀਵਾ ਖੁਰਦ ਅਤੇ ਹੋਡਲਾ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਪਿਛਲੇ ਸੱਤਰ ਸਾਲਾਂ ਤੋਂ ਰਜਵਾੜਾ ਸ਼ਾਹੀ ਪਰਿਵਾਰਾਂ ਨੇ ਮਿਲ ਕੇ ਲੁੱਟਿਆ ਹੈ। ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਸਿਰਫ ਇਸ਼ਤਿਹਾਰਬਾਜ਼ੀ ’ਤੇ ਜ਼ੋਰ ਦਿੱਤਾ ਹੈ। ਨਿੱਕਾ ਸਿੰਘ ਨੇ ਕਿਹਾ ਕਿ ਬਸਪਾ ਸਮੂਹ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਨੂੰ ਸੰਸਦ ਵਿੱਚ ਪਹੁੰਚਾਏਗੀ। ਉਨ੍ਹਾਂ ਕਿਹਾ ਕਿ ਉਹ ਆਮ ਘਰ ਤੋਂ ਉੱਠ ਕੇ ਲੋਕਾਂ ਦੀ ਆਵਾਜ਼ ਬਣਨ ਲਈ ਲੋਕ ਸਭਾ ਹਲਕਾ ਬਠਿੰਡਾ ’ਚ ਬਸਪਾ ਵੱਲੋਂ ਚੋਣ ਮੈਦਾਨ ਵਿੱਚ ਹਨ। ਬਸਪਾ ਦੇ ਸੂਬਾ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਵਾਦ ਪਹਿਲਾਂ ਨਾਲੋਂ ਜ਼ਿਆਦਾ ਭਾਰੂ ਹੋ ਚੁੱਕਾ ਹੈ, ਨਸ਼ਾ ਨਿੱਤ ਘਰਾਂ ਦੇ ਚਿਰਾਗ ਬੁਝਾ ਰਿਹਾ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਪੈਸੇ ’ਤੇ ਦੂਜੇ ਰਾਜਾਂ ਵਿੱਚ ਚੋਣ ਪ੍ਰਚਾਰ ਕਰ ਰਿਹਾ।