ਬਸਪਾ ਇਕੱਲਿਆਂ ਹੀ ਲੜੇਗੀ ਚੋਣ ਪਰ ਅਕਾਲੀ ਦਲ ਅਜੇ ਵੀ ਆਸਵੰਦ !
ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਅਪਰੈਲ
ਭਾਜਪਾ ਦਰਮਿਆਨ ਮੁੜ ਗੱਠਜੋੜ ਹੋਣ ਦੀਆਂ ਸਰਗਰਮੀਆਂ ਠੱਪ ਹੋਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਭਾਵੇਂ ਕਿ ਬਸਪਾ ਨਾਲ ਚੋਣ ਗੱਠਜੋੜ ਹੋਣ ਲਈ ਅਜੇ ਵੀ ਆਸਵੰਦ ਹੈ ਪਰ ਬਸਪਾ ਲੀਡਰਸ਼ਿਪ ਨੇ ਐਤਕੀਂ ਇਕੱਲਿਆਂ ਹੀ ਚੋਣਾਂ ਲੜਨ ਦਾ ਮਨ ਬਣਾ ਲਿਆ ਹੈ। ਇਸ ਤਹਿਤ ਬਸਪਾ ਨੇ ਆਪਣੇ ਉਮੀਦਵਾਰ ਉਤਾਰਨੇ ਵੀ ਸ਼ੁਰੂ ਕਰ ਦਿਤੇ ਹਨ। ਬਸਪਾ ਦੇ ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਇਸ ਪੱਤਰਕਾਰ ਨਾਲ਼ ਹੋਈ ਗੱਲਬਾਤ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਬਸਪਾ ਦਾ ਹੁਣ ਅਕਾਲੀ ਦਲ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ ਤੇ ਪਾਰਟੀ ਇਕੱਲਿਆਂ ਹੀ ਚੋਣ ਲੜੇਗੀ। ਇਸ ਦੇ ਚੱਲਦਿਆਂ ਬਸਪਾ ਨੇ ਹੁਸ਼ਿਆਰਪੁਰ ਤੋਂ ਰਾਕੇਸ਼ ਸੁਮਨ ਨੂੰ ਆਪਣਾ ਉਮੀਦਵਾਰ ਵੀ ਐਲਾਨ ਦਿਤਾ ਹੈ।
ਜ਼ਿਕਰਯੋਗ ਹੈ ਕਿ 2002 ਦੀਆਂ ਵਿਧਾਨ ਸਭਾ ਚੋਣਾਂ ਅਕਾਲੀ ਦਲ ਤੇ ਬਸਪਾ ਨੇ ਰਲ਼ਕੇ ਲੜੀਆਂ ਸਨ। ਇਸ ਦੌਰਾਨ ਬਸਪਾ ਨੇ 20 ਸੀਟਾਂ ‘ਤੇ ਚੋਣ ਲੜੀ ਸੀ। ਇਹ ਸਮਝੌਤਾ ਚੱਲਿਆ ਹੀ ਆ ਰਿਹਾ ਸੀ, ਪਰ 13 ਫਰਵਰੀ 2024 ਨੂੰ ਜਦੋਂ ਅਕਾਲੀ ਦਲ ਅਤੇ ਭਾਜਪਾ ਦੇ ਮੁੜ ਗੱਠਜੋੜ ਦੀ ਗੱਲ ਚੱਲੀ, ਤਾਂ ਬਸਪਾ ਨੇ ਤੋੜ-ਤੜਿੱਕ ਕਰ ਲਈ।
ਪਰ ਹੁਣ ਜਦੋਂ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਮੁੜ ਗੱਠਜੋੜ ਦੀਆਂ ਸਾਰੀਆਂ ਸੰਭਾਵਨਾਵਾਂ ਖਤਮ ਹੋ ਗਈਆਂ, ਤਾਂ ਅਕਾਲੀਆਂ ਦੇ ਬਸਪਾ ਨਾਲ਼ ਗੱਠਜੋੜ ਦੀ ਚਰਚਾ ਸੁਲਗ਼ਦੀ ਆ ਰਹੀ ਹੈ। ਅਕਾਲੀ ਦਲ ਨੂੰ ਅਜੇ ਵੀ ਬਸਪਾ ਨਾਲ ਸਮਝੌਤੇ ਦੀ ਆਸ ਹੈ। ਕੁਝ ਅਕਾਲੀ ਨੇਤਾਵਾਂ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਬਸਪਾ ਦੋ ਸੀਟਾਂ ਮੰਗਦੀ ਹੈ ਤੇ ਅਕਾਲੀ ਦਲ ਕੇਵਲ ਇੱਕ ਦੇ ਰਿਹਾ ਹੈ। ਉਧਰ ਇੱਕ ਬਸਪਾ ਨੇਤਾ ਦਾ ਕਹਿਣਾ ਸੀ ਕਿ ਬਸਪਾ ਨੇ ਅਕਾਲੀ ਦਲ ਤੋਂ ਦੁਆਬੇ ਦੀਆਂ ਅਨੰਦਪੁਰ ਸਾਹਿਬ, ਜਲੰਧਰ ਅਤੇ ਹੁਸ਼ਿਆਰਪੁਰ ਵਿਚੋਂ ਦੋ ਜਦਕਿ ਮਾਲਵਾ ਅਤੇ ਮਾਝੇ ਵਿਚੋਂ ਇੱਕ ਇੱਕ ਸੀਟ ਮੰਗੀ ਸੀ।ਇਸੇ ਦੌਰਾਨ ਚਰਚਾ ਹੈ ਕਿ ਪਾਰਟੀ ਵੱਲੋਂ ਬਸਪਾ ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਸ੍ਰੀ ਅਨੰਦਰਪੁਰ ਸਾਹਿਬ ਹਲਕੇ ਤੋਂ ਚੋਣ ਲੜ ਸਕਦੇ ਹਨ। ਇਸੇ ਦੌਰਾਨ ਪਟਿਆਲਾ ਵਿਚ ਬਸਪਾ ਦਾ ਉਮੀਦਵਾਰ ਉਤਾਰਨ ਲਈ ਬਸਪਾ ਦੇ ਇਥੇ ਸਥਿਤ ਦਫਤਰ ’ਚ ਪਾਰਟੀ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਵੀ ਹੋਈ। ਭਾਵੇਂ ਇਸ ਸਬੰਧੀ ਅਧਿਕਾਰਤ ਤੌਰ ’ਤੇ ਪੁਸ਼ਟੀ ਤਾਂ ਨਹੀਂ ਕੀਤੀ ਗਈ, ਪਰ ਮੁਢਲੇ ਤੌਰ ’ਤੇ ਇਸ ਸਬੰਧੀ ਦੋ ਹੀ ਨਾਮ - ਭਾਵ ਬਸਪਾ ਦੇ ਸੂਬਾਈ ਜਨਰਲ ਸਕੱਤਰ ਬਲਦੇਵ ਸਿੰਘ ਮਹਿਰਾ ਅਤੇ ਲੋਕ ਸਭਾ ਹਲਕਾ ਪਟਿਆਲਾ ਦੇ ਇੰਚਾਰਜ ਜਗਜੀਤ ਸਿੰਘ ਛੜਬੜ ਉੱਭਰ ਕੇ ਆਏ ਹਨ। ਮਹਿਰਾ ਪਹਿਲਾਂ ਰਾਜਪੁਰਾ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਵੀ ਲੜ ਚੁੱਕੇ ਹਨ।