For the best experience, open
https://m.punjabitribuneonline.com
on your mobile browser.
Advertisement

ਦਿੱਲੀ ਤੱਕ ਪੁੱਜਣ ਲਈ ਬਸਪਾ ਦੀ ਦੋਆਬੇ ’ਤੇ ਟੇਕ

08:28 AM Apr 01, 2024 IST
ਦਿੱਲੀ ਤੱਕ ਪੁੱਜਣ ਲਈ ਬਸਪਾ ਦੀ ਦੋਆਬੇ ’ਤੇ ਟੇਕ
Advertisement

ਸੁਰਜੀਤ ਮਜਾਰੀ
ਬੰਗਾ, 31 ਮਾਰਚ
ਬਹੁਜਨ ਸਮਾਜ ਪਾਰਟੀ (ਬਸਪਾ) ਦਾ ਸਿਆਸੀ ਸਫ਼ਰ 1984 ’ਚ ਦੋਆਬੇ ਤੋਂ ਸ਼ੁਰੂ ਹੋਇਆ ਸੀ ਅਤੇ ਇਸ ਵਾਰ ਵੀ ਲੋਕ ਸਭਾ ਚੋਣਾਂ ’ਚ ਜਿੱਤ ਪ੍ਰਾਪਤ ਕਰਨ ਲਈ ਬਸਪਾ ਨੂੰ ਸਭ ਤੋਂ ਵੱਧ ਟੇਕ ਦੋਆਬੇ ’ਤੇ ਹੀ ਹੈ। ਪੰਜਾਬ ’ਚ 1996 ਦੀਆਂ ਚੋਣਾਂ ’ਚ ਇਸ ਪਾਰਟੀ ਦੇ ਤਿੰਨ ਸੰਸਦ ਮੈਂਬਰ ਚੁਣੇ ਗਏ ਸਨ। ਇਸ ਬੁਲੰਦੀ ਤੋਂ ਬਾਅਦ ਇਸ ਦਾ ਗਰਾਫ਼ ਲਗਾਤਾਰ ਘਟਦਾ ਗਿਆ। ਇਸ ਨਿਘਾਰ ਪਿੱਛੇ ਇਸ ਦੇ ਆਗੂਆਂ ਦਾ ਦੂਜੀਆਂ ਧਿਰਾਂ ’ਚ ਸ਼ਾਮਲ ਹੋਣਾ ਵੀ ਰਿਹਾ। ਇਸ ਦੇ ਨਾਲ ਮੁੜ ਕੇ ਕਿਸੇ ਸਿਆਸੀ ਧਿਰ ਨਾਲ ਗੱਠਜੋੜ ਨਾ ਹੋਣਾ ਵੀ ਬਸਪਾ ਨੂੰ ਹਾਸ਼ੀਏ ’ਤੇ ਲੈ ਆਇਆ। ਬਸਪਾ ਦੇ ਇਕਲੌਤੇ ਵਿਧਾਇਕ ਨਛੱਤਰ ਪਾਲ ਨੇ ਕਿਹਾ ਕਿ ਇਸ ਵਾਰ ਪੰਜਾਬ ਤੋਂ ਬਸਪਾ ਦੀ ਹਿੱਸੇਦਾਰੀ ਲਈ ਸਮਾਜਿਕ ਗੱਠਜੋੜ ਵੱਡੀ ਭੂਮਿਕਾ ਨਿਭਾਵੇਗਾ।
1996 ਵਿੱਚ ਬਸਪਾ ਦੇ ਬਾਨੀ ਪ੍ਰਧਾਨ ਬਾਬੂ ਕਾਂਸ਼ੀ ਰਾਮ ਨੇ ਹਲਕਾ ਹੁਸ਼ਿਆਰਪੁਰ ਤੋਂ ਜਿੱਤ ਪ੍ਰਾਪਤ ਕੀਤੀ ਸੀ। ਉਦੋਂ ਪਾਰਟੀ ਦੇ ਲੰਬਾ ਸਮਾਂ ਸੂਬਾ ਪ੍ਰਧਾਨ ਰਹੇ ਡਾ. ਮੋਹਣ ਸਿੰਘ ਫਲੀਆਂਵਾਲਾ ਹਲਕਾ ਫ਼ਿਰੋਜ਼ਪੁਰ ਤੋਂ ਅਤੇ ਸੂਬਾਈ ਜਨਰਲ ਸਕੱਤਰ ਇੰਜਨੀਅਰ ਹਰਭਜਨ ਲਾਖਾ ਹਲਕਾ ਫ਼ਿਲੌਰ ਤੋਂ ਜੇਤੂ ਰਹੇ। ਉਸ ਵੇਲੇ ਬਸਪਾ ਦਾ ਗੱਠਜੋੜ ਸ਼੍ਰੋਮਣੀ ਅਕਾਲੀ ਦਲ ਨਾਲ ਹੋਇਆ ਸੀ। ਇਸ ਤੋਂ ਪਹਿਲਾਂ ਇੰਜਨੀਅਰ ਹਰਭਜਨ ਲਾਖਾ 1989 ਵਿੱਚ ਵੀ ਫਿਲੌਰ ਤੋਂ ਅਤੇ ਡਾ. ਮੋਹਣ ਸਿੰਘ ਫਲੀਆਂਵਾਲਾ 1992 ’ਚ ਹਲਕਾ ਫਿਰੋਜ਼ਪੁਰ ਤੋਂ ਹੀ ਸੰਸਦ ਮੈਂਬਰ ਬਣੇ ਸਨ। ਇਨ੍ਹਾਂ ਦੋਵੇਂ ਵਾਰੀ ਗੱਠਜੋੜ ਹੀ ਸਹਾਇਕ ਸਾਬਤ ਹੋਇਆ ਸੀ। ਬਾਅਦ ਵਿੱਚ ਦੋਵਾਂ ਨੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਸੀ। ਦੱਸਣਯੋਗ ਹੈ ਕਿ 1992 ’ਚ ਬਸਪਾ ਨੇ 9 ਵਿਧਾਇਕ ਜਿੱਤ ਕੇ ਆਪਣਾ ਵਿਰੋਧੀ ਧਿਰ ਦਾ ਨੇਤਾ ਬਣਾ ਲਿਆ ਸੀ। ਵਿਧਾਨ ਸਭਾ ਲਈ ਜਿੱਤੇ ਇਨ੍ਹਾਂ ਹਲਕਿਆਂ ਵਿੱਚ ਦੋਆਬਾ ਦੇ ਬੰਗਾ, ਗੜ੍ਹਸ਼ੰਕਰ, ਮਾਹਿਲਪੁਰ, ਬਲਾਚੌਰ, ਆਦਮਪੁਰ, ਸ਼ਾਮ ਚੁਰਾਸੀ ਆਦਿ ਸ਼ਾਮਲ ਸਨ। ਮਾਝਾ ਅਤੇ ਮਾਲਵਾ ਦੇ ਮੁਕਾਬਲੇ ਬਹੁਜਨ ਸਮਾਜ ਪਾਰਟੀ ਦੋਆਬਾ ਨਾਲ ਸਬੰਧਤ ਲੋਕ ਸਭਾ ਹਲਕਾ ਜਲੰਧਰ, ਹੁਸ਼ਿਆਰਪੁਰ ਅਤੇ ਸ੍ਰੀ ਆਨੰਦਪਰ ਸਾਹਿਬ ’ਚ ਵੱਧ ਜਨ ਆਧਾਰ ਰੱਖਦੀ ਹੈ। ਇਹੀ ਕਾਰਨ ਹੈ ਕਿ ਪਾਰਟੀ ਨੇ ਸਭ ਤੋਂ ਪਹਿਲਾਂ ਰਕੇਸ਼ ਸੁਮਨ ਨੂੰ ਹੁਸ਼ਿਆਪੁਰ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×