ਬਸਪਾ ਵੱਲੋਂ ‘ਆਪ’ ਸਰਕਾਰ ਖ਼ਿਲਾਫ਼ ਮੁਜ਼ਾਹਰਾ
ਹਤਿੰਦਰ ਮਹਿਤਾ
ਜਲੰਧਰ, 22 ਜੁਲਾਈ
ਆਮ ਲੋਕਾਂ, ਦਲਿਤਾਂ ਤੇ ਪਛੜੇ ਵਰਗਾਂ ਦੀ ਪੁਲੀਸ ਪ੍ਰਸ਼ਾਸਨ ਵੱਲੋਂ ਸੁਣਵਾਈ ਨਾ ਕਰਨ ਵਿਰੁੱਧ ਅੱਜ ਬਸਪਾ ਨੇ ਜਲੰਧਰ ਪੁਲੀਸ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਭਾਰੀ ਗਰਮੀ ਦੇ ਬਾਵਜੂਦ ਬਸਪਾ ਵਰਕਰ ਵੱਡੀ ਗਿਣਤੀ ਵਿੱਚ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਅਤੇ ‘ਆਪ’ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕੀਤਾ। ਬਸਪਾ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਦੀ ਅਗਵਾਈ ਹੇਠ ਕੀਤੇ ਗਏ ਇਸ ਪ੍ਰਦਰਸ਼ਨ ਨੂੰ ਬਸਪਾ ਆਗੂ ਤੀਰਥ ਰਾਜਪੁਰਾ, ਇੰਜ. ਜਸਵੰਤ ਰਾਏ, ਜਗਦੀਸ਼ ਸ਼ੇਰਪੁਰੀ, ਸੁਖਵਿੰਦਰ ਬਿੱਟੂ, ਦੇਵਰਾਜ ਸੁਮਨ, ਮਦਨ ਮੱਦੀ, ਬਲਵਿੰਦਰ ਰਲ ਤੇ ਜਗਦੀਸ਼ ਦੀਸ਼ਾ ਨੇ ਸੰਬੋਧਨ ਕੀਤਾ। ਆਗੂਆਂ ਨੇ ਦੋਸ਼ ਲਾਇਆ ਕਿ ਸੂਬੇ ਵਿੱਚ ਜਦੋਂ ਦੀ ‘ਆਪ’ ਸਰਕਾਰ ਸੱਤਾ ’ਚ ਆਈ ਹੈ, ਉਦੋਂ ਤੋਂ ਹੀ ਜਲੰਧਰ ਵਿੱਚ ਖਾਸ ਕਰ ਕੇ ਦਲਿਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਬਸਪਾ ਆਗੂਆਂ ਨੇ ਕਿਹਾ ਕਿ ‘ਆਪ’ ਸਰਕਾਰ ਵਿੱਚ ਪੁਲੀਸ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਢਾਲਿਆ ਜਾ ਰਿਹਾ ਹੈ ਕਿ ਉਸ ਵਿੱਚ ਦਲਿਤ, ਪੱਛੜੇ ਵਰਗਾਂ ਤੇ ਆਮ ਲੋਕਾਂ ਦੀ ਕੋਈ ਸੁਣਵਾਈ ਹੀ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਚਾਹੇ ਦਿਹਾਤੀ ਪੁਲੀਸ ਪ੍ਰਸ਼ਾਸਨ ਹੋਵੇ ਜਾਂ ਸ਼ਹਿਰੀ ਕਮਿਸ਼ਨਰੇਟ ਪੁਲੀਸ, ਦੋਵਾਂ ਵਿੱਚ ਹੀ ਅਜਿਹੀ ਸਥਿਤੀ ਹੈ। ਲੋਕਾਂ ਨੂੰ ਇਨਸਾਫ਼ ਲਈ ਦਫ਼ਤਰਾਂ ਵਿੱਚ ਧੱਕੇ ਖਾਣੇ ਪੈਂਦੇ ਹਨ ਤੇ ਸਾਲ-ਸਾਲ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ। ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਆਮ ਲੋਕਾਂ ਪ੍ਰਤੀ ਪ੍ਰਸ਼ਾਸਨ ਦਾ ਨਜ਼ਰੀਆ ਬਦਲਣ ਲਈ ਹੀ ਅੱਜ ਇਹ ਧਰਨਾ ਲਗਾਇਆ ਗਿਆ ਸੀ ਤੇ ਜਦੋਂ ਤੱਕ ਪੁਲੀਸ ਦਾ ਰਵੱਈਆ ਨਹੀਂ ਬਦਲਦਾ, ਉਦੋਂ ਤੱਕ ਇਸੇ ਤਰ੍ਹਾਂ ਸੰਘਰਸ਼ ਕੀਤਾ ਜਾਵੇਗਾ।