For the best experience, open
https://m.punjabitribuneonline.com
on your mobile browser.
Advertisement

BSP News: ਲੋਕਾਂ ਦਾ ਧਿਆਨ ਸਮੱਸਿਆਵਾਂ ਤੋਂ ਹਟਾਉਣ ਲਈ ਭਾਜਪਾ ਚੱਲ ਰਹੀ ਫੁੱਟ-ਪਾਊ ਚਾਲਾਂ: ਮਾਇਆਵਤੀ

02:23 PM Nov 30, 2024 IST
bsp news  ਲੋਕਾਂ ਦਾ ਧਿਆਨ ਸਮੱਸਿਆਵਾਂ ਤੋਂ ਹਟਾਉਣ ਲਈ ਭਾਜਪਾ ਚੱਲ ਰਹੀ ਫੁੱਟ ਪਾਊ ਚਾਲਾਂ  ਮਾਇਆਵਤੀ
Lucknow: BSP supremo Mayawati presides over the meeting of senior BSP workers including district presidents of Uttar Pradesh and Uttarakhand at party office, in Lucknow, Saturday. ‘PTI Photo
Advertisement

ਲਖਨਊ, 30 ਨਵੰਬਰ

Advertisement

BSP News: ਬਹੁਜਨ ਸਮਾਜ ਪਾਰਟੀ (ਬਸਪਾ) ਦੀ ਕੌਮੀ ਪ੍ਰਧਾਨ ਮਾਇਆਵਤੀ (Bahujan Samaj Party President Mayawati) ਨੇ ਸ਼ਨਿੱਚਰਵਾਰ ਨੂੰ ਕੇਂਦਰ ਅਤੇ ਵਿਰੋਧੀ ਧਿਰ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ ਦੋਵਾਂ ਹਾਕਮ ਤੇ ਵਿਰੋਧੀ ਧਿਰ ਦੀਆਂ  ਝੜਪਾਂ ਦੀ ਬਜਾਏ ਦੇਸ਼ ਦੀਆਂ ਪ੍ਰਮੁੱਖ ਸਮੱਸਿਆਵਾਂ ਵੱਲ ਧਿਆਨ ਧਰੇ। ਗ਼ੌਰਤਲਬ ਹੈ ਕਿ ਸੰਸਦ ਵਿਚ ਅਡਾਨੀ ਗਰੁੱਪ ਵਿਰੁੱਧ ਲੱਗੇ ਦੋਸ਼ਾਂ ਅਤੇ ਸੰਭਲ ਮਸਜਿਦ ਸਰਵੇਖਣ ਵਿਵਾਦ ਤੇ ਹਿੰਸਾ ਵਰਗੇ ਮਾਮਲਿਆਂ ਕਾਰਨ ਹਾਕਮ ਤੇ ਵਿਰੋਧੀ ਧਿਰ ਦਰਮਿਆਨ ਜਾਰੀ ਟਕਰਾਅ ਕਾਰਨ ਸੰਸਦ ਵਿਚ ਰੇੜਕਾ ਬਣਿਆ ਹੋਇਆ ਹੈ।  ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਬੀਬੀ ਮਾਇਆਵਤੀ ਨੇ ਇਸੇ ਦੇ ਮੱਦੇਨਜ਼ਰ ਇਹ ਅਪੀਲ ਕੀਤੀ ਹੈ।

Advertisement

ਬਸਪਾ ਵੱਲੋਂ ਜਾਰੀ ਬਿਆਨ ਅਨੁਸਾਰ ਮਾਇਆਵਤੀ ਨੇ ਕਿਹਾ, ''ਸਰਕਾਰ ਅਤੇ ਵਿਰੋਧੀ ਧਿਰ ਦੋਵਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸੰਸਦ ਦਾ ਮੌਜੂਦਾ ਸਰਦ ਰੁੱਤ ਸੈਸ਼ਨ ਆਪਸੀ ਝੜਪਾਂ ਦੀ ਬਜਾਏ ਦੇਸ਼ ਦੀਆਂ ਪ੍ਰਮੁੱਖ ਸਮੱਸਿਆਵਾਂ ਵੱਲ ਧਿਆਨ ਕੇਂਦਰਿਤ ਕਰੇ।’’  ਉਨ੍ਹਾਂ ਕਿਹਾ, "ਸੰਸਦ ਨੂੰ ਲੋਕਾਂ ਦੇ ਵਿਆਪਕ ਹਿੱਤ ਵਿੱਚ ਕੰਮ ਕਰਨਾ ਚਾਹੀਦਾ ਹੈ। ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੋਵਾਂ ਨੂੰ ਰਾਸ਼ਟਰ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਗੰਭੀਰਤਾ ਦਿਖਾਉਣੀ ਚਾਹੀਦੀ ਹੈ।"
ਦੱਸਣਯੋਗ ਹੈ ਕਿ ਬਸਪਾ ਸੁਪਰੀਮੋ ਨੇ ਸ਼ਨਿੱਚਰਵਾਰ ਨੂੰ ਲਖਨਊ ਵਿੱਚ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਸੀਨੀਅਰ ਪਾਰਟੀ ਨੇਤਾਵਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕੀਤਾ ਅਤੇ ਆਗੂਆਂ ਨੂੰ ਜ਼ੋਰ ਦੇ ਕੇ ਕਿਹਾ  ਕਿ ਦਲਿਤ ਅਤੇ ਅੰਬੇਡਕਰੀ ਭਾਈਚਾਰਿਆਂ ਨੂੰ ਸਿਆਸੀ ਸ਼ਕਤੀਕਰਨ ਤੇ ਮਜ਼ਬੂਤੀ ਲਈ ਆਪਣੇ ਸੰਘਰਸ਼ ਵਿੱਚ ਇੱਕਜੁੱਟ ਹੋਣ ਦੀ ਲੋੜ ਹੈ।  ਇੱਕ ਅਧਿਕਾਰਤ ਬਿਆਨ ਅਨੁਸਾਰ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਮਾਜ ਨੂੰ "ਜਾਤੀਵਾਦੀ ਅਤੇ ਫ਼ਿਰਕੂ" ਤਾਕਤਾਂ ਦੀ ਜਕੜ ਤੋਂ ਆਜ਼ਾਦ ਕਰਨ ਲਈ "ਸੱਤਾ ਦੀ ਚਾਬੀ" ਆਪਣੇ ਹੱਥ ਲੈਣ ਦੀ ਲੜਾਈ ਤੇਜ਼ ਕਰਨੀ ਚਾਹੀਦੀ ਹੈ।

ਬੀਬੀ ਮਾਇਆਵਤੀ ਨੇ ਪਾਰਟੀ ਦੀ ਜਥੇਬੰਦਕ ਤਰੱਕੀ ਦੀ ਸਮੀਖਿਆ ਕੀਤੀ ਅਤੇ ਪਾਰਟੀ ਆਗੂਆਂ ਤੇ ਅਹੁਦੇਦਾਰਾਂ ਨੂੰ ਜ਼ਿਲ੍ਹਾ ਅਤੇ ਮੰਡਲ ਪੱਧਰ 'ਤੇ ਕਮੀਆਂ ਨੂੰ ਦੂਰ ਕਰਨ ਦੇ ਨਿਰਦੇਸ਼ ਦਿੱਤੇ।  ਉਨ੍ਹਾਂ ਭਾਜਪਾ 'ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਗਾਇਆ ਕਿ ਉਹ ਪਿਛਲੀਆਂ ਕਾਂਗਰਸ ਸਰਕਾਰਾਂ ਵਾਂਗ ਫੁੱਟ-ਪਾਊ ਚਾਲਾਂ ਚੱਲ ਕੇ ਬੇਰੁਜ਼ਗਾਰੀ, ਗਰੀਬੀ ਅਤੇ ਮਹਿੰਗਾਈ ਵਰਗੇ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੀ ਹੈ।  ਬਿਆਨ ਅਨੁਸਾਰ ਉਨ੍ਹਾਂ ਕਿਹਾ, “ਭਾਜਪਾ ਚੋਣਾਂ ਦੌਰਾਨ ਕੀਤੇ ਆਪਣੇ ਵਾਅਦਿਆਂ ਨੂੰ ਸੱਤਾ ਵਿੱਚ ਆਉਣ ਪਿੱਛੋਂ  ਭੁੱਲ ਜਾਂਦੀ ਹੈ ਅਤੇ ਇਸ ਤਰ੍ਹਾਂ ਬੁਨਿਆਦੀ ਮੁੱਦੇ ਅਣਸੁਲਝੇ ਹੀ ਰਹਿ ਜਾਂਦੇ ਹਨ।”

ਯੂਪੀ ਦੀ ਯੋਗੀ ਸਰਕਾਰ ਦੀ ‘ਧਾਰਮਿਕ ਏਜੰਡਾ’ ਚਲਾਉਣ ਲਈ ਨਿਖੇਧੀ

ਮਾਇਆਵਤੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀ ਸੰਵਿਧਾਨਕ ਜ਼ਿੰਮੇਵਾਰੀਆਂ ਨਿਭਾਉਣ ਨਾਲੋਂ ਧਾਰਮਿਕ ਏਜੰਡੇ ਨੂੰ ਵੱਧ ਤਰਜੀਹ ਦੇਣ ਲਈ ਵੀ ਆਲੋਚਨਾ ਕੀਤੀ।  ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਰਥਿਕ ਤੰਗੀਆਂ-ਤੁਰਸ਼ੀਆਂ, ਬੇਰੁਜ਼ਗਾਰੀ ਅਤੇ ਸਿੱਖਿਆ ਦੀ ਘਾਟ ਵਰਗੀਆਂ ਸਮੱਸਿਆਵਾਂ ਉੱਤਰ ਪ੍ਰਦੇਸ਼ ਅਤੇ ਗੁਆਂਢੀ ਉੱਤਰਾਖੰਡ ਵਿੱਚ ਲੱਖਾਂ ਲੋਕਾਂ ਨੂੰ ਬੁਰੀ  ਤਰ੍ਹਾਂ ਪ੍ਰਭਾਵਤ ਕਰ ਰਹੀਆਂ ਹਨ। ਯੂਪੀ ਦੀ ਚਾਰ ਵਾਰ ਮੁੱਖ ਮੰਤਰੀ ਰਹੀ ਬੀਬੀ ਮਾਇਆਵਤੀ ਨੇ ਕਿਹਾ, "ਸਰਕਾਰ ਦੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਭਾਰੀ ਨਾਕਾਮੀ ਨੇ ਜਨਤਾ ਨੂੰ ਡੂੰਘੀ ਗਰੀਬੀ ਅਤੇ ਪਛੜੇਪਣ ਵਿੱਚ ਧੱਕ ਦਿੱਤਾ ਹੈ।’’

ਅੰਬੇਡਕਰ ਪਰੀਨਿਰਵਾਣ ਦਿਵਸ 6 ਦਸੰਬਰ ਮੌਕੇ ਹੋਣਗੇ ਪ੍ਰੋਗਰਾਮ

ਉਨ੍ਹਾਂ  ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ  (Dr BR Ambedkar) ਦੀ ਵਿਰਾਸਤ ਬਾਰੇ ਬੋਲਦੇ ਬਸਪਾ ਦੀ ਲੋਕ ਭਲਾਈ ਅਤੇ ਬਰਾਬਰੀ ਵਾਲਾ  ਸਮਾਜ ਸਿਰਜਣ ਸਬੰਧੀ  ਵਚਨਬੱਧਤਾ ਨੂੰ ਦੁਹਰਾਇਆ।  ਉਨ੍ਹਾਂ ਡਾ. ਅੰਬੇਡਕਰ ਦੇ 6 ਦਸੰਬਰ ਨੂੰ ਆ ਰਹੇ ਪਰਿਨਿਰਵਾਣ ਦਿਵਸ ਦੇ ਸਬੰਧ ਵਿਚ ਪਾਰਟੀ ਵੱਲੋਂ ਕੀਤੇ ਜਾਣ ਵਾਲੇ  ਪ੍ਰੋਗਰਾਮਾਂ ਦਾ ਵੀ ਖ਼ੁਲਾਸਾ ਕੀਤਾ। ਇਸ ਮੁਤਾਬਕ ਬਸਪਾ ਸਮਰਥਕ ਉੱਤਰ ਪ੍ਰਦੇਸ਼ ਦੇ ਪ੍ਰਮੁੱਖ ਸਥਾਨਾਂ ਜਿਵੇਂ ਲਖਨਊ ਵਿੱਚ ‘ਅੰਬੇਡਕਰ ਮੈਮੋਰੀਅਲ’ ਅਤੇ ਨੋਇਡਾ ਵਿੱਚ ‘ਦਲਿਤ ਪ੍ਰੇਰਨਾ ਸਥਲ’ ਆਦਿ ਸਥਾਨਾਂ 'ਤੇ ਇਕੱਠੇ ਹੋ ਕੇ ਡਾ. ਅੰਬੇਡਕਰ ਨੂੰ ਸ਼ਰਧਾਂਜਲੀਆਂ ਭੇਟ ਕਰਨਗੇ, ਜਦੋਂ ਕਿ ਦੂਜੇ ਰਾਜਾਂ ਵਿੱਚ ਵੀ ਇਸੇ ਤਰ੍ਹਾਂ ਦੇ ਸਮਾਗਮ ਕਰਵਾਏ ਜਾਣਗੇ।

ਮਾਇਆਵਤੀ ਨੇ ਵਿਰੋਧੀ ਪਾਰਟੀਆਂ ਦੁਆਰਾ ਦਰਪੇਸ਼ ਚੁਣੌਤੀਆਂ ਬਾਰੇ ਵੀ ਚਰਚਾ ਕੀਤੀ ਅਤੇ  ਬਸਪਾ ਵਰਕਰਾਂ ਨੂੰ ਨਵੇਂ ਜੋਸ਼ ਨਾਲ ਚੋਣਾਂ ਲੜਨ ਦੀ ਤਿਆਰੀ ਵਿੱਢਣ ਦਾ ਸੱਦਾ ਦਿੱਤਾ।  ਹਰਿਆਣਾ, ਝਾਰਖੰਡ ਅਤੇ ਮਹਾਰਾਸ਼ਟਰ ਵਿੱਚ ਹਾਲ ਹੀ ਦੇ ਰਾਜ ਚੋਣ ਨਤੀਜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਆਜ਼ਾਦ ਅਤੇ ਨਿਰਪੱਖ ਚੋਣਾਂ ਦੇ ਰਾਹ ਵਿਚ ਵਿੱਚ ਪੈਸੇ, ਤਾਕਤ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਰਾਹੀਂ ਅੜਿੱਕੇ ਪਾਏ ਜਾਣ  ਦੀ ਆਲੋਚਨਾ ਕੀਤੀ।  ਉਨ੍ਹਾਂ ਚੇਤਾਵਨੀ ਦਿੱਤੀ ਕਿ "ਅਜਿਹੀਆਂ ਕਾਰਵਾਈਆਂ ਲੋਕਤੰਤਰੀ ਸੰਸਥਾਵਾਂ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਖਤਮ ਕਰਦੀਆਂ ਹਨ" ਅਤੇ "ਵਿਸ਼ਵਾਸ ਬਹਾਲ ਕਰਨ ਲਈ ਸਖਤ ਕਦਮ ਉਠਾਏ ਜਾਣ" ਦੀ ਮੰਗ ਕੀਤੀ। -ਪੀਟੀਆਈ

Advertisement
Author Image

Balwinder Singh Sipray

View all posts

Advertisement