ਬਸਪਾ ਨੇ ਆਪਣਾ ਮਾਟੋ ‘ਬਹੁਜਨ ਹਿਤਾਏ, ਬਹੁਜਨ ਸੁਖਾਏ’ ਕੀਤਾ
ਲਖਨਊ, 12 ਅਪਰੈਲ
ਲੋਕ ਸਭਾ ਚੋਣਾਂ ਵਿਚਾਲੇ ਪਾਰਟੀ ਦੇ ਰੁਖ਼ ਵਿੱਚ ਬਦਲਾਅ ਦਾ ਸੰਕੇਤ ਦਿੰਦੇ ਹੋਏ ਬਹੁਜਨ ਸਮਾਜ ਪਾਰਟੀ (ਬਸਪਾ) ਨੇ ‘ਸਰਵਜਨ ਹਿਤਾਏ, ਸਰਵਜਨ ਸੁਖਾਏ’ ਦੇ ਆਪਣੇ ਮਾਟੋ (ਆਦਰਸ਼ ਵਾਕ) ਨੂੰ ਬਦਲ ਕੇ ‘ਬਹੁਜਨ ਹਿਤਾਏ, ਬਹੁਜਨ ਸੁਖਾਏ’ ਕਰ ਦਿੱਤਾ ਹੈ ਜੋ ਕਿ ਪਾਰਟੀ ਦੇ ਆਪਣੀਆਂ ਜੜ੍ਹਾਂ ਵੱਲ ਪਰਤਣ ਦਾ ਸਪੱਸ਼ਟ ਸੰਕੇਤ ਹੈ। ਬਹੁਜਨ ਸਮਾਜ ਪਾਰਟੀ 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਾਇਆਵਤੀ ਦੇ ਸੋਸ਼ਲ ਇੰਜਨੀਅਰਿੰਗ ਫਾਰਮੂਲੇ ਰਾਹੀਂ ਦਲਿਤਾਂ ਦੇ ਨਾਲ ਉੱਪਰਲੀਆਂ ਜਾਤਾਂ ਨੂੰ ਵੀ ਨਾਲ ਲੈ ਕੇ ਉੱਤਰ ਪ੍ਰਦੇਸ਼ ’ਚ ਸੱਤਾ ਵਿੱਚ ਆਈ ਸੀ। ਇਹ ਪਾਰਟੀ ਹੁਣ ਨਵੇਂ ਮਾਟੋ ਨਾਲ ਆਪਣੇ ਕੋਰ ਵੋਟਰਾਂ ਵੱਲ ਮੁੜਦੀ ਹੋਈ ਨਜ਼ਰ ਆ ਰਹੀ ਹੈ। ਇਹ ਸਲੋਗਨ ਬਹੁਜਨਾਂ (ਸ਼ਾਬਦਿਕ ਤੌਰ ’ਤੇ ਜਿਸ ਦਾ ਅਰਥ ਹੈ ਉਹ ਭਾਈਚਾਰਾ ਜਿਹੜਾ ਕਿ ਬਹੁਗਿਣਤੀ ਵਿੱਚ ਹੈ) ਦੀ ਨੁਮਾਇੰਦਗੀ ਕਰਨ ਲਈ ਬਣਾਇਆ ਗਿਆ ਸੀ, ਜਿਸ ਵਿੱਚ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਨਾਲ ਧਾਰਮਿਕ ਘੱਟ ਗਿਣਤੀਆਂ ਦਾ ਹਵਾਲਾ ਦਿੱਤਾ ਗਿਆ ਸੀ। ਬਸਪਾ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਵਿੱਚ ਪਾਰਟੀ ਪ੍ਰਧਾਨ ਮਾਇਆਵਤੀ ਦੀ ਨਾਗਪੁਰ (ਮਹਾਰਾਸ਼ਟਰ) ਵਿੱਚ ਹੋਣ ਵਾਲੀਆਂ ਚੋਣ ਸਭਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ‘ਬਹੁਜਨ ਹਿਤਾਏ, ਬਹੁਜਨ ਸੁਖਾਏ’ ਮਾਟੋ ਦਾ ਇਸਤੇਮਾਲ ਕੀਤਾ ਗਿਆ ਹੈ। ਪਿਛਲੀਆਂ ਚੋਣਾਂ ਤੱਕ ਬਸਪਾ ਦੇ ਪੈਡ, ਬੈਨਰ ਤੇ ਪੋਸਟਰਾਂ ਵਿੱਚ ‘ਸਰਵਜਨ ਹਿਤਾਏ, ਸਰਵਜਨ ਸੁਖਾਏ’ ਲਿਖਿਆ ਹੁੰਦਾ ਸੀ। -ਪੀਟੀਆਈ