ਬਸਪਾ ਆਗੂ ਹੱਤਿਆ ਮਾਮਲਾ: ਪੁਲੀਸ ਮੁਕਾਬਲੇ ਮਗਰੋਂ ਦੋ ਮੁਲਜ਼ਮ ਕਾਬੂ
ਰਤਨ ਸਿੰਘ ਢਿੱਲੋਂ
ਅੰਬਾਲਾ, 30 ਜਨਵਰੀ
ਬਸਪਾ ਆਗੂ ਹਰਬਿਲਾਸ ਹੱਤਿਆ ਕਾਂਡ ਦੇ ਮੁੱਖ ਸ਼ੂਟਰ ਸਾਗਰ ਨੂੰ ਮੁਕਾਬਲੇ ਵਿੱਚ ਢੇਰ ਕਰਨ ਤੋਂ ਬਾਅਦ ਵੀਰਵਾਰ ਨੂੰ ਦੂਜੇ ਦਿਨ ਇਸ ਮਾਮਲੇ ਵਿੱਚ ਫ਼ਰਾਰ ਦੋ ਮੁਲਜ਼ਮਾਂ ਨੂੰ ਕਾਬੂ ਕਰਨ ਵੇਲੇ ਸ਼ਾਹਜ਼ਾਦਪੁਰ ਵਿੱਚ ਐੱਸਟੀਐੱਫ, ਸੀਆਈਏ-1 ਅਤੇ ਮੁਲਜ਼ਮਾਂ ਦਰਮਿਆਨ ਮੁਕਾਬਲਾ ਹੋਇਆ। ਪੁਲੀਸ ਟੀਮ ਨੇ ਜਦੋਂ ਸ਼ਾਹਜ਼ਾਦਪੁਰ ਨਿਵਾਸੀ ਸ਼ੂਟਰਾਂ ਰਾਜਨ ਤੇ ਅਭਿਸ਼ੇਕ ਉਰਫ਼ ਮੰਗੂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸ਼ੂਟਰਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਟੀਮ ਨੇ ਮੁਲਜ਼ਮਾਂ ਦੀਆਂ ਲੱਤਾਂ ਵਿੱਚ ਗੋਲੀ ਮਾਰ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਜੋ ਮੋਟਰਸਾਈਕਲ ’ਤੇ ਜਾ ਰਹੇ ਸਨ। ਇਸ ਤੋਂ ਪਹਿਲਾਂ ਸ਼ੂਟਰਾਂ ਨੇ ਦੇਸੀ ਪਿਸਤੌਲ ਨਾਲ ਟੀਮ ’ਤੇ ਗੋਲੀਬਾਰੀ ਕੀਤੀ ਪਰ ਪਿੱਛਾ ਕਰ ਰਹੀ ਟੀਮ ਦੇ ਬੁਲੇਟ ਪਰੂਫ ਜੈਕਟਾਂ ਪਾਈਆਂ ਹੋਣ ਕਰ ਕੇ ਬਚਾਅ ਹੋ ਗਿਆ। ਇਸ ਦੌਰਾਨ ਇਕ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ ਜਿਸ ਨੂੰ ਸ਼ਾਹਜ਼ਾਦਪੁਰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਦੋਵੇਂ ਮੁਲਜ਼ਮਾਂ ਅਭਿਸ਼ੇਕ ਉਰਫ਼ ਮੰਗੂ ਅਤੇ ਰਾਜਨ ਦੀ ਬਸਪਾ ਨੇਤਾ ਹਰਬਿਲਾਸ ਹੱਤਿਆ ਕਾਂਡ ਵਿੱਚ ਵਿਸ਼ੇਸ਼ ਭੂਮਿਕਾ ਸੀ। ਅਭਿਸ਼ੇਕ ਨੇ ਗੱਡੀ ਅਤੇ ਹਥਿਆਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਰੇਕੀ ਵੀ ਕੀਤੀ ਸੀ। ਗੋਲੀਬਾਰੀ ਸਮੇਂ ਰਾਜਨ ਵੀ ਉੱਥੇ ਮੌਜੂਦ ਸੀ। ਦੂਜੇ ਪਾਸੇ ਕੱਲ੍ਹ ਪੁਲੀਸ ਮੁਕਾਬਲੇ ਵਿਚ ਮਾਰੇ ਗਏ ਮੁੱਖ ਸ਼ੂਟਰ ਸਾਗਰ ਦੀ ਲਾਸ਼ ਪੋਸਟ ਮਾਰਟਮ ਤੋਂ ਬਾਅਦ ਅੱਜ ਉਸ ਦੇ ਵਾਰਸਾਂ ਨੂੰ ਸੌਂਪ ਦਿੱਤੀ ਗਈ। ਸਾਗਰ ਭੂਰਜ ਪਿੰਡ ਦਾ ਰਹਿਣ ਵਾਲਾ ਸੀ। ਦੱਸਣਯੋਗ ਹੈ ਕਿ ਬੀਤੇ ਦਿਨੀਂ ਅੰਬਾਲਾ-ਕਰਨਾਲ ਐੱਸਟੀਐੱਫ ਅਤੇ ਅੰਬਾਲਾ ਪੁਲੀਸ ਨੇ ਸਾਂਝੇ ਅਪਰੇਸ਼ਨ ਦੌਰਾਨ ਕਾਰਵਾਈ ਕੀਤੀ ਸੀ ਪਰ ਸ਼ੂਟਰਾਂ ਦੀ ਗੋਲੀ ਕਾਰਨ ਦੋ ਐੱਸਟੀਐੱਫ ਏਐੱਸਆਈ ਪ੍ਰਵੀਨ ਅਤੇ ਦਿਨੇਸ਼ ਜ਼ਖ਼ਮੀ ਹੋ ਗਏ ਸਨ।