For the best experience, open
https://m.punjabitribuneonline.com
on your mobile browser.
Advertisement

ਬਸਪਾ ਨੇ ਚੰਡੀਗੜ੍ਹ ਤੋਂ ਡਾ. ਰਿਤੂ ਸਿੰਘ ਨੂੰ ਉਮੀਦਵਾਰ ਐਲਾਨਿਆ

06:41 AM May 03, 2024 IST
ਬਸਪਾ ਨੇ ਚੰਡੀਗੜ੍ਹ ਤੋਂ ਡਾ  ਰਿਤੂ ਸਿੰਘ ਨੂੰ ਉਮੀਦਵਾਰ ਐਲਾਨਿਆ
ਚੰਡੀਗੜ੍ਹ ਤੋਂ ਡਾ. ਰਿਤੂ ਸਿੰਘ ਨੂੰ ਲੋਕ ਸਭਾ ਚੋਣਾਂ ਲਈ ਪਾਰਟੀ ਉਮੀਦਵਾਰ ਐਲਾਨਦੇ ਹੋਏ ਬਸਪਾ ਆਗੂ। -ਫੋਟੋ: ਰਵੀ ਕੁਮਾਰ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਮਈ
ਬਹੁਜਨ ਸਮਾਜ ਪਾਰਟੀ (ਬਸਪਾ) ਨੇ ਲੋਕ ਸਭਾ ਚੋਣਾਂ 2024 ਲਈ ਚੰਡੀਗੜ੍ਹ ਤੋਂ ਮਹਿਲਾ ਸ਼ਕਤੀਕਰਨ ਵਿੱਚ ਭਰੋਸਾ ਪ੍ਰਗਟਾਉਂਦਿਆਂ ਦਿੱਲੀ ਦੀ ਸਾਬਕਾ ਪ੍ਰੋਫੈਸਰ ਡਾ. ਰਿਤੂ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ। ਇਹ ਐਲਾਨ ਬਸਪਾ ਦੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕੋਆਰਡੀਨੇਟਰ ਰਣਧੀਰ ਸਿੰਘ ਬੈਨੀਵਾਲ ਤੇ ਸੂਬਾ ਕੋਆਰਡੀਨੇਟਰ ਵਿਪੁਲ ਕੁਮਾਰ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਸ੍ਰੀ ਵਿਪੁੱਲ ਨੇ ਕਿਹਾ ਕਿ ਬਸਪਾ ਨੇ ਰਾਜਨੀਤੀ ਵਿੱਚ ਨੌਜਵਾਨਾਂ ਤੇ ਔਰਤਾਂ ਦੀ ਹਿੱਸੇਦਾਰੀ ਵਧਾਉਂਦੇ ਹੋਏ ਚੰਡੀਗੜ੍ਹ ਤੋਂ ਪੜ੍ਹੀ-ਲਿਖੀ ਮਹਿਲਾ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਪਾਰਟੀ ਦੇ ਉਮੀਦਵਾਰ ਵੱਲੋਂ ਲੋਕਾਂ ਦੇ ਮੁੱਦਿਆਂ ਨੂੰ ਆਵਾਜ਼ ਬੁਲੰਦ ਕੀਤੀ ਜਾਵੇਗੀ।
ਚੰਡੀਗੜ੍ਹ ਤੋਂ ਬਸਪਾ ਉਮੀਦਵਾਰ ਡਾ. ਰਿਤੂ ਸਿੰਘ ਨੇ ਕਿਹਾ ਕਿ ਲੋਕ ਕਾਂਗਰਸ ਦਾ ਰਾਜ ਦੇਖ ਚੁੱਕੇ ਹਨ ਅਤੇ ਪਿਛਲੇ 10 ਸਾਲਾਂ ਵਿੱਚ ਭਾਜਪਾ ਦੇ ਸ਼ਾਸਨ ਦੌਰਾਨ ਵੀ ਸ਼ਹਿਰ ਦਾ ਵਿਕਾਸ ਦੀ ਥਾਂ ਵਿਨਾਸ਼ ਹੀ ਹੋਇਆ ਹੈ। ਹੁਣ ਬਸਪਾ ਗਰੀਬ ਤੇ ਪੱਛੜੇ ਵਰਗ ਦੇ ਨਾਲ-ਨਾਲ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਚੋਣ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਸਿੱਖਿਆ, ਸਿਹਤ, ਕਲੋਨੀਆਂ ਵਿੱਚ ਮਾਲਕਾਨਾ ਹੱਕ ਅਤੇ ਸਟ੍ਰੀਟ ਵੈਂਡਰਾਂ ਦੇ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤੇ ਚੁੱਕਣਗੇ। ਇਸ ਤੋਂ ਇਲਾਵਾ ਕਿਸਾਨਾਂ-ਮਜ਼ਦੂਰਾਂ, ਔਰਤਾਂ ਦੀ ਸੁਰੱਖਿਆ, ਮਹਿੰਗਾਈ, ਬੇਰੁਜ਼ਗਾਰੀ ਦੇ ਮੁੱਦਿਆਂ ’ਤੇ ਆਪਣੀ ਆਵਾਜ਼ ਬੁਲੰਦ ਕਰਨਗੇ।
ਜ਼ਿਕਰਯੋਗ ਹੈ ਕਿ ਡਾ. ਰਿਤੂ ਸਿੰਘ ਇੱਕ ਭਾਰਤੀ ਦਲਿਤ ਅਧਿਕਾਰ ਕਾਰਕੁਨ ਹੈ। ਉਹ ਦਿੱਲੀ ਯੂਨੀਵਰਸਿਟੀ ਦੇ ਦੌਲਤ ਰਾਮ ਕਾਲਜ ਨਾਲ ਜੁੜੀ ਹੋਈ ਸੀ। ਉਹ ਇੱਕ ਮਨੋਵਿਗਿਆਨ ਦੀ ਵਿਦਵਾਨ ਹੈ ਜੋ ਕਿ ਅਨੁਚਿਤ ਬਰਖਾਸਤਗੀ ਵਿਰੁੱਧ ਉਸ ਦੇ ਵਿਰੋਧ ਪ੍ਰਦਰਸ਼ਨਾਂ ਲਈ ਪ੍ਰਸਿੱਧ ਹੈ। ਉਨ੍ਹਾਂ ਸਤੰਬਰ 2023 ਵਿੱਚ ਫੈਕਲਟੀ ਆਫ਼ ਆਰਟਸ, ਉੱਤਰੀ ਕੈਂਪਸ ਦਿੱਲੀ ਯੂਨੀਵਰਸਿਟੀ ਦੇ ਸਾਹਮਣੇ ਕਥਿਤ ਜਾਤੀ ਅੱਤਿਆਚਾਰ ਅਤੇ ਸੇਵਾਵਾਂ ਤੋਂ ਗੈਰਕਾਨੂੰਨੀ ਬਰਖਾਸਤਗੀ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਸੀ। ਇਸ ਮੌਕੇ ਚੰਡੀਗੜ੍ਹ ਦੇ ਕਨਵੀਨਰ ਅਜੀਤ ਸਿੰਘ ਬਿਹਾਨੀ, ਸੂਬਾ ਜਨਰਲ ਸਕੱਤਰ ਤੇ ਚੰਡੀਗੜ੍ਹ ਇੰਚਾਰਜ ਰਜਿੰਦਰ ਸਿੰਘ ਨਨਹੇੜੀਆ, ਕਨਵੀਨਰ ਚੰਡੀਗੜ੍ਹ ਐਡਵੋਕੇਟ ਸੁਦੇਸ਼ ਖੁਰਚਾ, ਸੂਬਾ ਪ੍ਰਧਾਨ ਚੰਡੀਗੜ੍ਹ ਵਰਿਆਮ ਸਿੰਘ, ਮਹਿਲਾ ਵਿੰਗ ਚੰਡੀਗੜ੍ਹ ਦੀ ਪ੍ਰਧਾਨ ਨਿਰਮਲਾ ਬੁੱਧ ਤੇ ਹੋਰ ਆਗੂ ਵੀ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×