ਬਸਪਾ ਨੇ ਪਟਿਆਲਾ ਤੋਂ ਜਗਜੀਤ ਛੜਬੜ ਨੂੰ ਉਮੀਦਵਾਰ ਐਲਾਨਿਆ
ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਅਪਰੈਲ
ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਅੱਜ ਲੋਕ ਸਭਾ ਹਲਕਾ ਪਟਿਆਲਾ ਤੋਂ ਜਗਜੀਤ ਸਿੰਘ ਛੜਬੜ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਜੋ ਕਿ ਪਾਰਟੀ ਨਾਲ ਢਾਈ ਦਹਾਕਿਆਂ ਤੋਂ ਜੁੜੇ ਹੋਏ ਹਨ। ਗੁਰਸਿੱਖ ਪਰਿਵਾਰ ਨਾਲ ਸਬੰਧਤ ਜਗਜੀਤ ਸਿੰਘ ਨੇ ਸੱਤਵੀਂ ਜਮਾਤ ਵਿੱਚ ਪੜ੍ਹਦਿਆਂ ਹੀ ਅੰਮ੍ਰਿਤ ਛਕ ਲਿਆ ਸੀ। ਉਹ ਬਚਪਨ ਤੋਂ ਹੀ ਸਮਾਜਿਕ ਸਰੋਕਾਰਾਂ ਵਿੱਚ ਭਾਗ ਲੈਂਦੇ ਆ ਰਹੇ ਹਨ। ਉਹ ਮੌਜੂਦਾ ਸਮੇਂ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਤੇ ਲੋਕ ਸਭਾ ਹਲਕੇ ਦੇ ਇੰਚਾਰਜ ਵੀ ਹਨ। ਉਹ ਬਸਪਾ ਉਮੀਦਵਾਰ ਵਜੋਂ 2012 ’ਚ ਰਾਜਪੁਰਾ ਅਤੇ 2017 ਵਿੱਚ ਘਨੌਰ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਚੁੱਕੇ ਹਨ।
ਜਗਜੀਤ ਸਿੰਘ (42) ਜ਼ਿਲ੍ਹਾ ਮੁਹਾਲੀ ਅਤੇ ਵਿਧਾਨ ਸਭਾ ਹਲਕਾ ਰਾਜਪੁਰਾ ਦੇ ਪਿੰਡ ਛੜਬੜ ਦੇ ਵਸਨੀਕ ਹਨ ਜਿਨ੍ਹਾਂ ਨੇ ਆਪਣੀ ਉਮਰ ਦਾ ਤਕਰੀਬਨ ਅੱਧਾ ਹਿੱਸਾ ਦਲਿਤ ਅਤੇ ਦੱਬੇ ਕੁਚਲੇ ਪਰਿਵਾਰਾਂ ਦੀ ਨੁਮਾਇੰਦਾ ਜਮਾਤ ਬਸਪਾ ਦੇ ਲੇਖੇ ਲਾ ਦਿੱਤਾ ਹੈ। ਉਹ ਕਰੀਬ ਵੀਹ ਸਾਲ ਦੀ ਉਮਰ ’ਚ ਹੀ ਬਸਪਾ ਲਈ ਸਰਗਰਮ ਹੋ ਗਏ ਸਨ। ਉਹ ਦੱਸਦੇ ਹਨ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਅਤੇ ਬਸਪਾ ਦੇ ਸਰਪ੍ਰਸਤ ਮਰਹੂਮ ਕਾਂਸ਼ੀ ਰਾਮ ਦੇ ਜੀਵਨ ਤੋਂ ਪ੍ਰੇਰਿਤ ਹੋ ਕੇ ਉਹ ਇਸ ਪਾਰਟੀ ਨਾਲ ਜੁੜੇ ਸਨ। ਸ੍ਰੀ ਛੜਬੜ ਦੀ ਵਿੱਦਿਅਕ ਯੋਗਤਾ ਬਾਰ੍ਹਵੀਂ ਹੈ। ਜਗਜੀਤ ਸਿੰਘ ਛੜਬੜ ਨੇ ਸੰਤ ਸਮਾਜ ਦੀ ਅਗਵਾਈ ਵਿੱਚ ਕਿਸਾਨ ਅੰਦੋਲਨ ’ਚ ਵੀ ਵਧ ਚੜ੍ਹ ਕੇ ਹਿੱਸਾ ਲਿਆ।
ਬਸਪਾ ਨੇ ਜਲੰਧਰ ਤੋਂ ਬਲਵਿੰਦਰ ਕੁਮਾਰ ਨੂੰ ਉਮੀਦਵਾਰ ਐਲਾਨਿਆ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਬਹੁਜਨ ਸਮਾਜ ਪਾਰਟੀ ਪੰਜਾਬ ਨੇ ਜਲੰਧਰ ਲੋਕ ਸਭਾ ਹਲਕੇ ਤੋਂ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਉਮੀਦਵਾਰ ਐਲਾਨਿਆ ਹੈ। ਕੇਂਦਰੀ ਕੋਆਰਡੀਨੇਟਰ ਰਣਧੀਰ ਸਿੰਘ ਬੈਣੀਵਾਲ ਨੇ ਕਿਹਾ ਕਿ ਅੱਜ ਦੋ ਉਮੀਦਵਾਰ ਐਲਾਨੇ ਗਏ ਹਨ। ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਲੋਂ ਵੱਖ ਵੱਖ ਰਾਜਨੀਤਕ ਦਲਾਂ ਦੇ ਪੰਜਾਬ ਦੇ ਝੂਠੇ ਦਲਿਤ ਚਿਹਰਿਆਂ ਨੂੰ ਬੇਨਕਾਬ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲੰਧਰ ਲੋਕ ਸਭਾ ਹਲਕੇ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਹੋਣਗੇ। ਬਲਵਿੰਦਰ ਮੌਜੂਦਾ ਸਮੇਂ ਬਸਪਾ ਪੰਜਾਬ ਦੇ ਜਨਰਲ ਸਕੱਤਰ ਹਨ ਤੇ ਪਿਛਲੇ ਚਾਰ ਮਹੀਨਿਆਂ ਤੋਂ ਲੋਕ ਸਭਾ ਇੰਚਾਰਜ ਵਜੋਂ ਸਰਗਰਮ ਸਨ। ਇਸ ਤੋਂ ਪਹਿਲਾਂ ਉਹ 2017 ਅਤੇ 2022 ਦੀ ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਚੋਣ ਲੜ ਚੁੱਕੇ ਹਨ ਜਦੋਂ ਕਿ 2019 ਵਿੱਚ ਲੋਕ ਸਭਾ ਹਲਕਾ ਜਲੰਧਰ ਤੋਂ 2,04,000 ਲੈ ਕੇ ਮੁਕਾਬਲੇ ਵਿੱਚ ਭਾਰੂ ਰਹੇ ਸਨ।