ਬਸਪਾ ਮੁਖੀ ਦਲ ਬਦਲੀਆਂ ’ਚ ਮੋਹਰੀ
ਸੁਰਜੀਤ ਮਜਾਰੀ
ਬੰਗਾ, 2 ਜਨਵਰੀ
ਬਹੁਜਨ ਸਮਾਜ ਪਾਰਟੀ ਦੇ ਸੂਬਾ ਮੁਖੀਆਂ ਵੱਲੋਂ ਦੂਜੀਆਂ ਧਿਰਾਂ ਦਾ ਪੱਲਾ ਫੜੇ ਜਾਣ ਦੀ ਪਿਰਤ ਰੁਕਣ ਦਾ ਨਾਂ ਨਹੀਂ ਲੈ ਰਹੀ। ਇਨ੍ਹਾਂ ਵਿੱਚ ਮੋਹਣ ਸਿੰਘ ਫਲੀਆਂਵਾਲਾ, ਸੀਡੀ ਕੰਬੋਜ, ਗੁਰਲਾਲ ਸੈਲਾ ਅਤੇ ਰਸ਼ਪਾਲ ਰਾਜੂ ਸ਼ਾਮਲ ਹਨ। ਬਸਪਾ ਦੇ ਪ੍ਰਧਾਨ ਰਹੇ ਇਨ੍ਹਾਂ ਆਗੂਆਂ ਨੇ ਖੁਦ ਨੂੰ ਦੂਜੀਆਂ ਸਿਆਸੀ ਪਾਰਟੀਆਂ ਵਿੱਚ ਸਰਗਰਮ ਕੀਤਾ ਹੋਇਆ ਹੈ। ਇਸੇ ਤਹਿਤ ਹੁਣ ਜਸਵੀਰ ਸਿੰਘ ਗੜ੍ਹੀ ਨੇ ਵੀ ਦੂਜੀ ਪਾਰਟੀ ਦਾ ਪੱਲਾ ਫੜ੍ਹ ਲਿਆ ਹੈ। ਬਸਪਾ ਦੇ ਲੰਬਾ ਸਮਾਂ ਪ੍ਰਧਾਨ ਰਹੇ ਅਤੇ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਰਹੇ ਮੋਹਣ ਸਿੰਘ ਫਲੀਆਂਵਾਲਾ ਇਸ ਵੇਲੇ ਕਾਂਗਰਸ ਵਿੱਚ ਹਨ। ਉਹ ਪਹਿਲਾਂ ਕਾਂਗਰਸ ਵਿੱਚ ਸਨ ਫਿਰ ਆਮ ਆਦਮੀ ਪਾਰਟੀ ’ਚ ਥੋੜ੍ਹਾ ਸਮਾਂ ਕੱਟਣ ਤੋਂ ਬਾਅਦ ਮੁੜ ਕਾਂਗਰਸ ’ਚ ਪਰਤ ਗਏ ਸਨ। ਇਸੇ ਤਰ੍ਹਾਂ ਸੀਡੀ ਕੰਬੋਜ ਨੂੰ ਬਸਪਾ ਦੀ ਕਮਾਂਡ ਮਿਲੀ ਪਰ ਉਨ੍ਹਾਂ ਦਾ ਵੀ ਦਿਲ ਨਹੀਂ ਲੱਗਾ ’ਤੇ ਉਹ ਵੀ ਕਾਂਗਰਸ ਤੋਂ ਹੁੰਦੇ ਹੋਏ ਸ਼੍ਰੋਮਣੀ ਅਕਾਲੀ ਦਲ ’ਚ ਚਲੇ ਗਏ। ਇਵੇਂ ਹੀ ਗੁਰਲਾਲ ਸੈਲਾ ਪਹਿਲਾਂ ਕਾਂਗਰਸ ’ਚ ਰਲੇ ਫਿਰ ਬਸਪਾ ’ਚ ਪਰਤੇ ਤੇ ਹੁਣ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਹਨ।
ਬੀਤੇ ਦਿਨ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਜਸਵੀਰ ਸਿੰਘ ਗੜ੍ਹੀ ਬਸਪਾ ਦੀ ਸੂਬਾਈ ਅਗਵਾਈ ਕਰ ਚੁੱਕੇ ਹਨ।