ਬਸਪਾ ਨੇ ਜਸਵੀਰ ਗੜ੍ਹੀ ਨੂੰ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਐਲਾਨਿਆ
ਚੰਡੀਗੜ੍ਹ (ਆਤਿਸ਼ ਗੁਪਤਾ): ਬਹੁਜਨ ਸਮਾਜ ਪਾਰਟੀ (ਬਸਪਾ) ਨੇ ਲੋਕ ਸਭਾ ਚੋਣਾਂ ਲਈ ਅੱਜ ਪਾਰਟੀ ਦੇ ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਬਸਪਾ ਦੇ ਪੰਜਾਬ, ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਇੱਥੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਐਲਾਨ ਕੀਤਾ। ਸ੍ਰੀ ਬੈਨੀਵਾਲ ਨੇ ਕਿਹਾ ਕਿ ਬਸਪਾ ਪੰਜਾਬ ਦੀਆਂ 13 ਤੇ ਚੰਡੀਗੜ੍ਹ ਦੀ ਇੱਕ ਲੋਕ ਸਭਾ ਸੀਟ ਤੋਂ ਆਪਣੇ ਬਲਬੂਤੇ ’ਤੇ ਚੋਣ ਮੈਦਾਨ ਵਿੱਚ ਹੈ। ਉਨ੍ਹਾਂ ਕਿਹਾ ਕਿ ਬਸਪਾ ਸੁਪਰੀਮੋ ਮਾਇਆਵਤੀ ਇਸ ਵਾਰ ਪੰਜਾਬ ਆਉਣਗੇ ਅਤੇ 24 ਮਈ ਨੂੰ ਨਵਾਂ ਸ਼ਹਿਰ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਬਸਪਾ ਦੇ ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਾਂਗਰਸ, ਭਾਜਪਾ, ‘ਆਪ’ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਈ ਥਾਵਾਂ ’ਤੇ ਬਾਹਰੀ ਅਤੇ ਕਈ ਥਾਵਾਂ ’ਤੇ ਦਲਬਦਲੂਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਜਦੋਂਕਿ ਬਸਪਾ ਵੱਲੋਂ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ’ਤੇ ਸਥਾਨਕ ਲੋਕਾਂ ਨੂੰ ਉਮੀਦਵਾਰ ਐਲਾਨਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੂੰ ਆਪੋ-ਆਪਣੇ ਹਲਕੇ ਬਾਰੇ ਸਮਝ ਹੈ, ਉਹ ਹੀ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਚੁੱਕ ਸਕਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਇਤਿਹਾਸਕ ਭੂਮੀ ਹੈ ਜਿਸ ਵਿੱਚ ਬਸਪਾ ਦੇ ਬਾਨੀ ਬਾਬੂ ਕਾਂਸ਼ੀ ਰਾਮ ਦੀ ਜਨਮ ਭੂਮੀ ਤੇ ਕਰਮ ਭੂਮੀ ਰੂਪਨਗਰ ਆਉਂਦੀ ਹੈ। ਇਸ ਤੋਂ ਇਲਾਵਾ ਸਿੱਖ ਧਰਮ ਵਿੱਚ ਵੀ ਸ੍ਰੀ ਆਨੰਦਪੁਰ ਸਾਹਿਬ ਦਾ ਅਹਿਮ ਸਥਾਨ ਹੈ। ਇਸ ਦੇ ਬਾਵਜੂਦ ਪੁਰਾਣੀਆਂ ਸਰਕਾਰਾਂ ਨੇ ਇਸ ਹਲਕੇ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਸ੍ਰੀ ਆਨੰਦਪੁਰ ਸਾਹਿਬ ਸਮੇਤ ਪੰਜਾਬ ਦੇ ਦੱਬੇ-ਕੁਚਲੇ ਤੇ ਪੱਛੜੇ ਵਰਗ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨਗੇ ਅਤੇ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਦਿਵਾਉਣਗੇ। ਇਸ ਮੌਕੇ ਬਸਪਾ ਚੰਡੀਗੜ੍ਹ ਦੇ ਇੰਚਾਰਜ ਵਿਪੁਲ ਕੁਮਾਰ, ਵਿਧਾਇਕ ਡਾ. ਨਛੱਤਰਪਾਲ, ਅਜੀਤ ਸਿੰਘ ਭੈਣੀ, ਸੂਬਾ ਜਨਰਲ ਸਕੱਤਰ ਰਾਜਾ ਰਜਿੰਦਰ ਸਿੰਘ ਨਨਹੇਰੀਆ, ਜਨਰਲ ਸਕੱਤਰ ਪ੍ਰਵੀਨ ਬੰਗਾ, ਜਨਰਲ ਸਕੱਤਰ ਗੁਰਲਾਲ ਸੈਲਾ, ਜਨਰਲ ਸਕੱਤਰ ਠੇਕੇਦਾਰ ਰਜਿੰਦਰ ਸਿੰਘ, ਠੇਕੇਦਾਰ ਬ੍ਰਿਜਪਾਲ ਚੰਡੀਗੜ੍ਹ ਹਾਜ਼ਰ ਸਨ।