ਮਾਣੂੰਕੇ ਨੂੰ ‘ਅਪਸ਼ਬਦ’ ਕਹਿਣ ’ਤੇ ਬਸਪਾ ਤੇ ‘ਆਪ’ ਆਗੂ ਖਹਬਿੜੇ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 12 ਜੁਲਾਈ
ਇਕ ਐੱਨਆਰਆਈ ਦੀ ਕੋਠੀ ਨੱਪਣ ਦੇ ਮਾਮਲੇ ‘ਚ ਅੱਜ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਪੁਲੀਸ ਲਾਈਨ ’ਚ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲਣ ਲਈ ਇਕੱਤਰ ਹੋਏ ‘ਆਪ’ ਵਾਲੰਟੀਅਰ ਬਹੁਜਨ ਸਮਾਜ ਪਾਰਟੀ ਦੇ ਆਗੂ ਨਾਲ ਖਹਬਿੜ ਪਏ। ਦਰਅਸਲ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ, ਅਹੁਦੇਦਾਰ ਤੇ ਵਾਲੰਟੀਅਰ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦੀ ਹਮਾਇਤ ‘ਚ ਜੁੜੇ ਸਨ। ਜਿਵੇਂ ਹੀ ਗੋਪੀ ਸ਼ਰਮਾ, ਜੱਗਾ ਧਾਲੀਵਾਲ, ਹਰਜੀਤ ਸਿੰਘ ਮਾਨ ਆਦਿ ਬੋਲਣ ਲੱਗੇ ਤਾਂ ਬਸਪਾ ਨਾਲ ਸਬੰਧਤ ਰਛਪਾਲ ਸਿੰਘ ਗਾਲਬਿ ਨੇ ਵਿਧਾਇਕ ਮਾਣੂੰਕੇ ਬਾਰੇ ‘ਅਪਸ਼ਬਦ’ ਬੋਲ ਦਿੱਤਾ। ਇਸ ਨੂੰ ਲੈ ਕੇ ‘ਆਪ’ ਵਾਲੰਟੀਅਰ ਭੜਕ ਗਏ ਅਤੇ ਉਨ੍ਹਾਂ ਇਤਰਾਜ਼ਯੋਗ ਸ਼ਬਦ ਬੋਲਣ ਵਾਲੇ ਨਾਲ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ।
ਮੌਕੇ ‘ਤੇ ਥਾਣਾ ਸਿਟੀ ਇੰਚਾਰਜ ਜਗਜੀਤ ਸਿੰਘ, ਚੌਕੀ ਇੰਚਾਰਜ ਗੁਰਸੇਵਕ ਸਿੰਘ ਸਮੇਤ ਵੱਡੀ ਗਿਣਤੀ ‘ਚ ਪੁਲੀਸ ਫੋਰਸ ਮੌਜੂਦ ਹੋਣ ਕਰਕੇ ਲੜਾਈ ਤੋਂ ਬਚਾਅ ਕਰ ਲਿਆ ਗਿਆ। ਪੁਲੀਸ ਫੁਰਤੀ ਨਾਲ ਰਛਪਾਲ ਗਾਲਬਿ ਨੂੰ ਮੌਕੇ ਤੋਂ ਕੱਢ ਕੇ ਲਿਜਾਣ ‘ਚ ਸਫ਼ਲ ਰਹੀ। ‘ਆਪ’ ਆਗੂ ਗੋਪੀ ਸ਼ਰਮਾ ਨੇ ਕਿਹਾ ਕਿ ਰਛਪਾਲ ਗਾਲਬਿ ਪਹਿਲਾਂ ਉਨ੍ਹਾਂ ਦੀ ਪਾਰਟੀ ਨਾਲ ਹੀ ਜੁੜਿਆ ਹੋਇਆ ਸੀ ਪਰ ਅੱਜ ਉਸ ਨੂੰ ਵਿਰੋਧੀਆਂ ਨੇ ਸਾਜ਼ਿਸ਼ ਤਹਿਤ ਭੇਜਿਆ ਕਿਉਂਕਿ ਇਸ ਵਕਤ ਉਹ ਬਸਪਾ ਦਾ ਆਗੂ ਹੈ ਜਿਸ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਹੈ। ਇਸ ਮਾਮਲੇ ‘ਚ ਉਸ ਵੇਲੇ ਇਕ ਹੋਰ ਵਿਵਾਦ ਜੁੜ ਗਿਆ ਜਦੋਂ ਇਕੱਠ ‘ਚ ਮੌਜੂਦ ‘ਆਪ’ ਨਾਲ ਸਬੰਧਤ ਇਕ ਸਰਪੰਚ ਨੇ ਐਕਸ਼ਨ ਕਮੇਟੀ ‘ਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਬਾਰੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਅਤੇ ਘਿਰਾਓ ਕਰਨ ਦੀ ਤਾੜਨਾ ਕਰਦਿਆਂ ਕਿਹਾ ਕਿ ‘ਜਨਿ੍ਹਾਂ ਨੂੰ ਕੋਈ ਘਰ ‘ਚ ਨਹੀਂ ਪੁੱਛਦਾ ਉਹ ਸਿਆਸੀ ਰੋਟੀਆਂ ਸੇਕਦੇ ਫਿਰਦੇ ਹਨ।’
ਜਥੇਬੰਦੀਆਂ ਦੇ ਭੜਕੇ ਆਗੂਆਂ ਵੱਲੋਂ ਖੁੱਲ੍ਹਾ ਚੈਲੰਜ
ਐਕਸ਼ਨ ਕਮੇਟੀ ‘ਚ ਸ਼ਾਮਲ ਕੰਵਲਜੀਤ ਖੰਨਾ, ਬੂਟਾ ਸਿੰਘ ਚਕਰ, ਜਸਦੇਵ ਸਿੰਘ ਲਲਤੋਂ, ਗੁਰਮੇਲ ਸਿੰਘ ਭਰੋਵਾਲ ਨੇ ਕਿਹਾ ਕਿ ਹਰੇਕ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ ਪਰ ਦੂਸ਼ਣਬਾਜ਼ੀ ਕਰਨਾ ਗਲਤ ਹੈ। ਕਿਸਾਨ ਆਗੂਆਂ ਬਾਰੇ ਕੀਤੀ ਟਿੱਪਣੀ ਨੂੰ 14 ਜੁਲਾਈ ਦੀ ਮੀਟਿੰਗ ‘ਚ ਵਿਚਾਰਨ ਮਗਰੋਂ ਅਗਲੀ ਰਣਨੀਤੀ ਤਿਆਰ ਹੋਵੇਗੀ। ਉਨ੍ਹਾਂ ਕਿਹਾ ਕਿ ਜਿਥੋਂ ਤੱਕ ਵਿਧਾਇਕ ਨੂੰ ਬਦਨਾਮ ਕਰਨ ਦਾ ਸਵਾਲ ਹੈ ਤਾਂ ਉਨ੍ਹਾਂ ਦਾ ਖੁੱਲ੍ਹਾ ਚੈਲੰਜ ਹੈ ਕਿ ਕਿਸੇ ਥਾਂ ਵੀ ਇਸ ਮੁੱਦੇ ‘ਤੇ ਬਹਿਸ ਕਰਵਾ ਲਈ ਜਾਵੇ। ਉਨ੍ਹਾਂ ਕਿਹਾ ਕਿ ਕੋਠੀ ਖਰੀਦਣ ਦੇ ਮਾਮਲੇ ‘ਚ ਮਨੀ ਲਾਂਡਰਿੰਗ ਦੀ ਈਡੀ ਅਤੇ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ।
ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਲਾਮਬੰਦੀ ਸ਼ੁਰੂ
ਐੱਨਰਆਈ ਜਾਇਦਾਦਾਂ ਬਚਾਓ ਐਕਸ਼ਨ ਕਮੇਟੀ ਵੱਲੋਂ ਪਰਵਾਸੀ ਪੰਜਾਬੀ ਪਰਿਵਾਰ ਦੀ ਕੋਠੀ ’ਤੇ ਧੱਕੇ ਨਾਲ ਕੀਤੇ ਕਬਜ਼ੇ ਦੇ ਮਾਮਲੇ ‘ਚ 17 ਜੁਲਾਈ ਨੂੰ ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਦੇ ਘਿਰਾਓ ਦੇ ਦਿੱਤੇ ਸੱਦੇ ਨੂੰ ਸਫ਼ਲ ਬਣਾਉਣ ਲਈ ਲਾਮਬੰਦੀ ਸ਼ੁਰੂ ਹੋ ਗਈ ਹੈ। ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਮੀਟਿੰਗ ਅੱਜ ਸਵੱਦੀ ਕਲਾਂ ਵਿਖੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ ਜਿਸ ‘ਚ ਐੱਨਆਰਆਈ ਕੋਠੀ ਦੇ ਮੁੱਦੇ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਚਾਰਾਂ ਕਰਨ ਉਪਰੰਤ ਚੌਕੀਮਾਨ ਇਲਾਕੇ ‘ਚੋਂ ਵੱਡਾ ਜਥਾ ਲੈ ਕੇ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਖਜ਼ਾਨਚੀ ਅਮਰੀਕ ਸਿੰਘ ਤਲਵੰਡੀ, ਜਥੇਬੰਦਕ ਸਕੱਤਰ ਅਵਤਾਰ ਸਿੰਘ ਬਿੱਲੂ, ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ, ਗੁਰਮੇਲ ਸਿੰਘ ਢੱਟ ਨੇ ਕਿਹਾ ਕਿ ਐਕਸ਼ਨ ਕਮੇਟੀ ਦੀ ਮੰਗ ਹੈ ਕਿ ਕੋਠੀ ਨੱਪਣ ਦੇ ਮਾਮਲੇ ‘ਚ ਹਾਕਮ ਧਿਰ ਦੇ ਆਗੂਆਂ ਸਣੇ ਸਾਰੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਅਮਲ ‘ਚ ਲਿਆਂਦੀ ਜਾਵੇ।