ਬੀਐੱਸਐੱਫ ਵੱਲੋਂ ਸੱਤ ਡਰੋਨ ਬਰਾਮਦ, ਤਿੰਨ ਨਸ਼ਾ ਤਸਕਰ ਫੜੇ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਨਵੰਬਰ
ਬੀਐੱਸਐੱਫ ਨੇ ਇੱਕ ਦਿਨ ਵਿੱਚ ਸਰਹੱਦੀ ਖੇਤਰ ਵਿੱਚੋਂ ਸੱਤ ਡਰੋਨ ਬਰਾਮਦ ਕੀਤੇ ਹਨ ਅਤੇ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਦੋ ਵੱਖ-ਵੱਖ ਥਾਵਾਂ ਤੋਂ ਪੰਜ ਕਿਲੋ ਤੋਂ ਵੱਧ ਹੈਰੋਇਨ, ਡਰੱਗ ਮਨੀ, ਮੋਬਾਈਲ ਫੋਨ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ।
ਬੀਐੱਸਐੱਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ ’ਤੇ ਬੀਐੱਸਐੱਫ ਦੇ ਜਵਾਨਾਂ ਨੇ ਬੀਤੀ ਰਾਤ ਸਰਹੱਦ ਨੇੜੇ ਲੱਗਦੇ ਪਿੰਡ ਮੁੱਲਾਕੋਟ ਦੇ ਖੇਤਾਂ ਵਿੱਚੋਂ ਇੱਕ ਡਰੋਨ ਬਰਾਮਦ ਕੀਤਾ ਹੈ ਅਤੇ ਤਿੰਨ ਕਿਲੋ 180 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਸ ਤੋਂ ਪਹਿਲਾਂ ਬੀਤੀ ਸ਼ਾਮ ਬੀਐੱਸਐੱਫ ਨੇ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਕੋਲੋਂ ਦੋ ਕਿੱਲੋ 160 ਗ੍ਰਾਮ ਹੈਰੋਇਨ, ਡਰੋਨ, ਚਾਰ ਮੋਬਾਈਲ ਫੋਨ, ਮੋਟਰਸਾਈਕਲ ਅਤੇ 1.87 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਰਹੱਦ ਪਾਰੋਂ ਨਸ਼ਾ ਤਸਕਰੀ ਮਾਮਲੇ ਸਬੰਧੀ ਮਿਲੀ ਸੂਚਨਾ ਦੇ ਆਧਾਰ ’ਤੇ ਬੀਐੱਸਐੱਫ ਦੇ ਜਵਾਨਾਂ ਵੱਲੋਂ ਸਰਹੱਦੀ ਪਿੰਡ ਧਨੋਏ ਕਲਾਂ ਦੇ ਖੇਤਾਂ ਵਿੱਚ ਵਿਅਕਤੀ ਦੀਆਂ ਸ਼ੱਕੀ ਗਤੀਵਿਧੀਆਂ ਦੇਖੀਆਂ, ਜਿਸ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਚਾਰ ਪੈਕੇਟ ਹੈਰੋਇਨ ਅਤੇ ਡਰੋਨ ਬਰਾਮਦ ਕੀਤਾ। ਇਹ ਹੈਰੋਇਨ ਉਸ ਨੂੰ ਸਰਹੱਦ ਪਾਰੋਂ ਡਰੋਨ ਰਾਹੀਂ ਭੇਜੀ ਗਈ ਸੀ ਅਤੇ ਉਸ ਕੋਲੋਂ ਕੀਤੀ ਗਈ ਪੁੱਛ-ਪੜਤਾਲ ਤੋਂ ਬਾਅਦ ਪਤਾ ਲੱਗਾ ਕਿ ਉਸ ਦੇ ਸਬੰਧ ਪਾਕਿਸਤਾਨੀ ਤਸਕਰਾਂ ਨਾਲ ਹਨ। ਇਹ ਵਿਅਕਤੀ ਪਿੰਡ ਧਨੋਏ ਕਲਾਂ ਦਾ ਵਾਸੀ ਹੈ। ਉਸ ਦੇ ਦੋ ਹੋਰ ਸਾਥੀਆਂ ਨੂੰ ਕਾਬੂ ਕੀਤਾ ਗਿਆ ਹੈ। ਇਹ ਦੋਵੇਂ ਪਿੰਡ ਨੇਸ਼ਠਾ ਦੇ ਵਾਸੀ ਹਨ। ਇਨ੍ਹਾਂ ਕੋਲੋਂ ਮੋਟਰਸਾਈਕਲ ਅਤੇ ਡਰੱਗ ਮਨੀ ਬਰਾਮਦ ਕੀਤੀ ਹੈ। ਅਗਲੇਰੀ ਜਾਂਚ ਲਈ ਇਨ੍ਹਾਂ ਵਿਅਕਤੀਆਂ ਨੂੰ ਪੁਲੀਸ ਨੂੰ ਸੌਂਪ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਕੱਲ੍ਹ ਬੀਐੱਸਐੱਫ ਨੇ ਪਿੰਡ ਰਾਜਾ ਤਾਲ ਦੇ ਖੇਤਾਂ ਵਿੱਚੋਂ ਡਰੋਨ, ਪਿੰਡ ਕੱਕੜ ਦੇ ਖੇਤਾਂ ਵਿੱਚੋਂ ਡਰੋਨ ਤੇ ਪੈਕੇਟ ਹੈਰੋਇਨ, ਪਿੰਡ ਹਵੇਲੀਆਂ ਦੇ ਖੇਤਾਂ ਵਿੱਚੋਂ ਡਰੋਨ ਤੇ ਪਿੰਡ ਧਨੋਏ ਕਲਾਂ ਕੋਲੋਂ ਟੁੱਟਿਆ ਡਰੋਨ ਬਰਾਮਦ ਕੀਤਾ ਹੈ, ਜਦੋਂ ਕਿ ਇੱਕ ਡਰੋਨ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਹਰੂਵਾਲ ਦੇ ਸਰਹੱਦੀ ਖੇਤਾਂ ਵਿੱਚੋਂ ਬਰਾਮਦ ਕੀਤਾ ਗਿਆ ਹੈ। ਇੰਝ ਕੱਲ੍ਹ ਇੱਕ ਦਿਨ ਵਿੱਚ ਬੀਐੱਸਐੱਫ ਨੇ ਸਰਹੱਦੀ ਖੇਤਰ ਵਿੱਚੋਂ ਸੱਤ ਡਰੋਨ ਬਰਾਮਦ ਕੀਤੇ ਹਨ।