ਬੀਐੱਸਐੱਫ ਵੱਲੋਂ ਸਰਹੱਦ ਤੋਂ ਹੈਰੋਇਨ ਤੇ ਡਰੋਨ ਬਰਾਮਦ
ਪੱਤਰ ਪ੍ਰੇਰਕ
ਅਟਾਰੀ, 14 ਦਸੰਬਰ
ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਅੱਜ ਅੰਮ੍ਰਿਤਸਰ ਸੈਕਟਰ ਅਧੀਨ ਆਉਂਦੇ ਸੀਡੀਆਰ ਮੁਹਾਵਾ ਤੋਂ ਡਰੋਨ ਅਤੇ ਇੱਕ ਪੈਕੇਟ ਹੈਰੋਇਨ ਬਰਾਮਦ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਖੇਤ ਵਿੱਚੋਂ ਬਰਾਮਦ ਕੀਤਾ ਗਿਆ ਇਹ ਪੈਕੇਟ ਪੀਲੇ ਰੰਗ ਦੀ ਟੇਪ ਨਾਲ ਡਰੋਨ ਨਾਲ ਚਿਪਕਿਆ ਹੋਇਆ ਸੀ। ਇਕ ਹੋਰ ਜਾਣਕਾਰੀ ਅਨੁਸਾਰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸਰਹੱਦੀ ਚੌਕੀ ਰਤਨ ਖੁਰਦ ਨੇੜੇ ਪਾਕਿਸਤਾਨ ਵੱਲੋਂ ਭਾਰਤ ਵੱਲ ਆਉਂਦੇ ਇੱਕ ਡਰੋਨ ਦੀ ਆਵਾਜ਼ ਸੁੁਣੀ ਸੀ। ਜਦੋਂ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਇਸ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਤਾਂ ਕੋਈ ਵਸਤੂ ਬਰਾਮਦ ਨਹੀਂ ਹੋਈ।
5 ਕਿੱਲੋ ਹੈਰੋਇਨ ਸਣੇ ਦੋ ਮੁਲਜ਼ਮ ਗ੍ਰਿਫ਼ਤਾਰ
ਤਰਨ ਤਾਰਨ (ਪੱਤਰ ਪ੍ਰੇਰਕ): ਸਥਾਨਕ ਸੀਆਈਏ ਸਟਾਫ਼ ਦੀ ਪੁਲੀਸ ਨੇ ਕੱਲ੍ਹ ਥਾਣਾ ਸਾਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਭੂਸੇ ਤੋਂ ਦੋ ਮੋਟਰਸਾਈਕਲ ਸਵਾਰਾਂ ਨੂੰ 5.020 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੀ 9 ਦਸੰਬਰ ਨੂੰ ਵੀ ਸੀਆਈਏ ਸਟਾਫ਼ ਦੀ ਪੁਲੀਸ ਨੇ ਨੇੜਲੇ ਪਿੰਡ ਐਮਾ ਖੁਰਦ ਤੋਂ ਇੱਕ ਵਿਅਕਤੀ ਨੂੰ 5.020 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਐੱਸਐੱਸਪੀ ਅਸ਼ਵਨੀ ਕਪੂਰ ਨੇ ਅੱਜ ਇਥੇ ਦੱਸਿਆ ਕਿ ਬੀਤੇ ਕੱਲ੍ਹ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਸ਼ਨਾਖ਼ਤ ਸ਼ਮਸ਼ੇਰ ਸਿੰਘ ਸ਼ੇਰਾ ਤੇ ਯਾਦਵਿੰਦਰ ਸਿੰਘ ਵਾਸੀ ਰਾਜਾਤਾਲ (ਥਾਣਾ ਘਰਿੰਡਾ ਅੰਮ੍ਰਿਤਸਰ) ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਇਹ ਹੈਰੋਇਨ ਸਰਹੱਦੀ ਖੇਤਰ ਦੇ ਪਿੰਡ ਢਾਲਾ ਤੋਂ ਲੈ ਕੇ ਕਿਧਰੇ ਪਹੁੰਚਾਉਣ ਲਈ ਲਿਜਾ ਰਹੇ ਸਨ। ਇਸ ਸਬੰਧੀ ਸਰਾਏ ਅਮਾਨਤ ਖਾਂ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ।