ਬੀਐੱਸਐੱਫ ਜਵਾਨਾਂ ਨੇ ਸਾਈਕਲ ਰੈਲੀ ਕੱਢੀ
ਪੱਤਰ ਪ੍ਰੇਰਕ
ਅਜਨਾਲਾ, 28 ਨਵੰਬਰ
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਦੇਸ਼ ਦੀ ਰਾਖੀ ਲਈ ਅੱਗੇ ਆਉਣ ਦਾ ਸੱਦਾ ਦੇਣ ਦੇ ਉਦੇਸ਼ ਨਾਲ ਬੀਐੱਸਐੱਫ ਜਵਾਨਾਂ ਵੱਲੋਂ ਸਾਈਕਲ ਰੈਲੀ ਕੱਢੀ ਗਈ ਜੋ ਅੰਮ੍ਰਿਤਸਰ ਤੋਂ ਚੱਲ ਕੇ ਵਾਇਆ ਅਜਨਾਲਾ ਹੁੰਦੀ ਹੋਈ ਅਜਨਾਲਾ ਦੇ ਪਿੰਡ ਡਿਆਲ ਭੱਟੀ ਪਹੁੰਚੀ। ਇੱਥੇ ਪਹੁੰਚਣ ’ਤੇ ਬੀਐੱਸਐੱਫ ਦੀ 117 ਬਟਾਲੀਅਨ ਦੇ ਕਮਾਂਡੈਂਟ ਬ੍ਰਿਜ ਮੋਹਨ ਪਰੋਹਿਤ ਵੱਲੋਂ ਆਪਣੇ ਸਟਾਫ ਸਮੇਤ ਜਵਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਕਮਾਂਡੈਂਟ ਪਰੋਹਿਤ ਨੇ ਦੱਸਿਆ ਕਿ ਬੀਐੱਸਐੱਫ ਵੱਲੋਂ ਪੰਜਾਬ ਅੰਦਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਾਹਰ ਕੱਢਣ ਦੇ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਨੌਜਵਾਨਾਂ ਨੂੰ ਦੇਸ਼ ਦੀਆਂ ਸੈਨਾਵਾਂ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਵੀ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਪਿੰਡਾਂ ਅੰਦਰ ਸਮਾਜਿਕ ਪੱਧਰ ’ਤੇ ਬੀਐੱਸਐੱਫ ਲੋਕਾਂ ਦੇ ਸਹਿਯੋਗ ਨਾਲ ਕਈ ਕੰਮ ਕਰ ਰਹੀ ਹੈ ਅਤੇ ਜੋ ਵੀ ਨੌਜਵਾਨ ਬੀਐੱਸਐੱਫ ਸਮੇਤ ਹੋਰ ਸੈਨਾਵਾਂ ਵਿੱਚ ਭਰਤੀ ਹੋਣਾ ਚਾਹੁੰਦਾ ਹੈ ਤਾਂ ਉਹ ਬੀਐੱਸਐੱਫ ਨਾਲ ਸੰਪਰਕ ਕਰ ਸਕਦਾ ਹੈ ਤੇ ਉਸ ਨੂੰ ਭਰਤੀ ਹੋਣ ਲਈ ਟ੍ਰੇਨਿੰਗ ਵੀ ਦਿੱਤੀ ਜਾਵੇਗੀ। ਉਪਰੰਤ ਇਹ ਸਾਈਕਲ ਰੈਲੀ ਪਿੰਡ ਡਿਆਲ ਭੱਟੀ ਤੋਂ ਕਰਤਾਰਪੁਰ ਸਾਹਿਬ ਕੋਰੀਡੋਰ ਡੇਰਾ ਬਾਬਾ ਨਾਨਕ ਲਈ ਰਵਾਨਾ ਹੋ ਗਈ।