ਸਰਹੱਦ ਪਾਰੋਂ ਤਸਕਰੀ ਰੋਕਣ ਲਈ ਆਧੁਨਿਕ ਤਕਨੀਕਾਂ ਵਰਤ ਰਹੀ ਹੈ ਬੀਐੱਸਐੱਫ: ਖੰਡਾਰੇ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਦਸੰਬਰ
ਬੀਐੱਸਐੱਫ ਦੀ ਪੱਛਮੀ ਕਮਾਨ ਦੇ ਵਧੀਕ ਡਾਇਰੈਕਟਰ ਜਨਰਲ ਸਤੀਸ਼ ਐੱਸ ਖੰਡਾਰੇ ਨੇ ਅੱਜ ਕਿਹਾ ਕਿ ਬੀਐੱਸਐੱਫ ਵੱਲੋਂ ਕੌਮਾਂਤਰੀ ਸਰਹੱਦ ਤੋਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਰੋਕਣ ਲਈ 24 ਘੰਟੇ ਚੌਕਸੀ ਰੱਖੀ ਜਾ ਰਹੀ ਹੈ ਅਤੇ ਆਧੁਨਿਕ ਤਕਨੀਕ ਵਾਲੇ ਡਰੋਨਾਂ ਨੂੰ ਰੋਕਣ ਲਈ ਆਧੁਨਿਕ ਤਕਨੀਕ ਦਾ ਸਹਾਰਾ ਲਿਆ ਜਾ ਰਿਹਾ ਹੈ।
ਬੀਐੱਸਐੱਫ ਦੇ ਸਥਾਪਨਾ ਦਿਵਸ ਮੌਕੇ ਉਹ ਅੱਜ ਚੰਡੀਗੜ੍ਹ ’ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਆਖਿਆ ਕਿ ਬੀਐੱਸਐੱਫ ਜਵਾਨ ਅਤਿ ਠੰਢੇ ਅਤੇ ਗਰਮ ਇਲਾਕਿਆਂ ’ਚ ਭਾਰੀ ਮੁਸ਼ਕਲਾਂ ਦੇ ਬਾਵਜੂਦ ਤਨਦੇਹੀ ਨਾਲ ਡਿਊਟੀ ਨਿਭਾਅ ਰਹੇ ਹਨ। ਸ੍ਰੀ ਖੰਡਾਰੇ ਨੇ ਕਿਹਾ ਕਿ ਬੀਐੱਸਐੱਫ ਵੱਲੋਂ ਕੰਟਰੋਲ ਰੇਖਾ (ਐੱਲਓਸੀ) ਸਣੇ ਸਾਰੀ ਕੌਮਾਂਤਰੀ ਸਰਹੱਦ ’ਤੇ ਮਸਨੂਈ ਬੌਧਿਕਤਾ (ਏਆਈ) ਤਕਨੀਕ ਨਾਲ ਲੈਸ ਸੀਸੀਟੀਵੀ ਕੈਮਰੇ ਲਾਏ ਗਏ ਹਨ ਜੋ ਸਰਹੱਦ ’ਤੇ ਹਰ ਹਰਕਤ ’ਤੇ ਨਜ਼ਰ ਰੱਖਦੇ ਹਨ। ਉਨ੍ਹਾਂ ਕਿਹਾ ਕਿ ਬੀਐੱਸਐੱਫ ਨੇ ਅੰਤਰਰਾਸ਼ਟਰੀ ਸਰਹੱਦ ਤੋਂ ਇਕ ਸਾਲ ਅੰਦਰ ਕੁੱਲ 257 ਡਰੋਨ ਕਾਬੂ ਕੀਤੇ ਹਨ। ਇਨ੍ਹਾਂ ਵਿਚੋਂ 242 ਡਰੋਨ ਪੰਜਾਬ ਦੀ ਸਰਹੱਦ ਤੋਂ ਜਦਕਿ ਛੇ ਰਾਜਸਥਾਨ ਅਤੇ ਦੋ ਜੰਮੂ ’ਚੋਂ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਜਵਾਨਾਂ ਨੇ ਕੌਮਾਂਤਰੀ ਸਰਹੱਦ ਤੋਂ ਲਗਪਗ 275 ਮਸ਼ਕੂਕ ਕਾਬੂ ਕੀਤੇ ਹਨ ਜਦਕਿ 6 ਵਿਅਕਤੀ ਮਾਰੇ ਗਏ ਹਨ। ਬੀਐੱਸਐੱਫ ਦੇ ਏਡੀਜੀ ਨੇ ਕਿਹਾ ਕਿ ਇਕ ਸਾਲ ’ਚ ਕੌਮਾਂਤਰੀ ਸਰਹੱਦ ਤੋਂ 663 ਕਿਲੋ ਨਸ਼ੀਲੇ ਪਦਾਰਥ ਅਤੇ 69 ਹਥਿਆਰ ਬਰਾਮਦ ਕੀਤੇ ਗਏ ਹਨ।
ਸਰਹੱਦ ਤੋਂ ਦੋ ਡਰੋਨ ਤੇ ਹੈਰੋਇਨ ਬਰਾਮਦ
ਅੰਮ੍ਰਿਤਸਰ (ਟਨਸ): ਬੀਐੱਸਐੱਫ ਨੇ ਅੱਜ ਅੰਮ੍ਰਿਤਸਰ ਸਰਹੱਦੀ ਖੇਤਰ ਵਿੱਚੋਂ ਦੋ ਡਰੋਨ ਤੇ ਹੈਰੋਇਨ ਬਰਾਮਦ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਐੱਸਐੱਫ ਨੇ ਅੱਜ ਸਰਹੱਦੀ ਪਿੰਡ ਰਾਜਾ ਤਾਲ ਨਾਲ ਲੱਗਦੇ ਖੇਤਾਂ ਵਿੱਚੋਂ ਗਸ਼ਤ ਦੌਰਾਨ ਇੱਕ ਡਰੋਨ ਅਤੇ ਇੱਕ ਪੈਕੇਟ ਹੈਰੋਇਨ ਬਰਾਮਦ ਕੀਤੀ ਹੈ। ਇਸ ਪੈਕੇਟ ਵਿੱਚ ਲਗਭਗ 520 ਗ੍ਰਾਮ ਨਸ਼ੀਲਾ ਪਦਾਰਥ ਹੈ। ਇਸੇ ਤਰ੍ਹਾਂ ਇੱਕ ਹੋਰ ਡਰੋਨ ਸਰਹੱਦੀ ਪਿੰਡ ਧਾਲੀਵਾਲ ਦੇ ਖੇਤਾਂ ਵਿੱਚੋਂ ਬਰਾਮਦ ਕੀਤਾ ਹੈ। ਇਸ ਦੇ ਨਾਲ ਵੀ ਇੱਕ ਪੈਕੇਟ ਹੈਰੋਇਨ ਬਰਾਮਦ ਕੀਤੀ ਹੈ ਜਿਸ ਵਿੱਚ ਲਗਭਗ 540 ਗ੍ਰਾਮ ਹੈਰੋਇਨ ਹੈ।