ਬੀਐੱਸਐੱਫ ਨੇ ਤਸਕਰੀ ਰੋਕਣ ਲਈ 136 ਮਸ਼ਕੂਕਾਂ ਦੀ ਸੂਚੀ ਪੰਜਾਬ ਪੁਲੀਸ ਨੂੰ ਸੌਂਪੀ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 30 ਨਵੰਬਰ
ਪਾਕਿਸਤਾਨ ਨਾਲ ਲੱਗਦੀ ਪੰਜਾਬ ਦੀ ਸਰਹੱਦ ਤੇ ਧੁੰਦ ਅਤੇ ਵਧੇਰੇ ਠੰਢ ਦੇ ਦਿਨਾਂ ਵਿੱਚ ਤਸਕਰੀ ਦੀ ਵਧਦੀ ਕਾਰਵਾਈ ਰੋਕਣ ਵਾਸਤੇ ਬੀਐੱਸਐੱਫ ਵੱਲੋਂ 136 ਅਜਿਹੇ ਮਸ਼ਕੂਕਾਂ ਦੀ ਸੂਚੀ ਪੰਜਾਬ ਪੁਲੀਸ ਨੂੰ ਸੌਂਪੀ ਗਈ ਹੈ, ਜੋ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਲਈ ਡਰੋਨ ਦੀ ਵਰਤੋਂ ਕਰ ਰਹੇ ਹਨ। ਬੀਐੱਸਐਫ ਦੇ ਪੰਜਾਬ ਫਰੰਟੀਅਰ ਦੇ ਆਈਜੀ ਅਤੁਲ ਫੁਲਜਲੇ ਨੇ ਇੱਥੇ ਅਟਾਰੀ ਸਰਹੱਦ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਉਹ ਇੱਥੇ ਬੀਐੱਸਐੱਫ ਦੇ ‘60ਵੇਂ ਰੇਜਿੰਗ ਡੇਅ’ ਦੇ ਸਬੰਧ ਵਿੱਚ ਆਏ ਸਨ।
ਆਈਜੀ ਨੇ ਦੱਸਿਆ ਕਿ ਪੰਜਾਬ ਪੁਲੀਸ ਨੂੰ ਅਜਿਹੇ 136 ਮਸ਼ਕੂਕਾਂ ਦੀ ਸੂਚੀ ਦਿੱਤੀ ਗਈ ਹੈ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਵਾਸਤੇ ਆਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਜਨਵਰੀ ਤੋਂ 30 ਨਵੰਬਰ ਤੱਕ ਬੀਐੱਸਐੱਫ ਵੱਲੋਂ ਪੰਜਾਬ ਸਰਹੱਦ ’ਤੇ 270 ਡਰੋਨ ਬਰਾਮਦ ਕੀਤੇ ਗਏ ਹਨ। ਇਸ ਸਾਲ ਬੀਐੱਸਐੱਫ ਨੇ ਸਰਹੱਦ ਤੋਂ 254 ਕਿਲੋਗ੍ਰਾਮ ਨਸ਼ੀਲਾ ਪਦਾਰਥ ਹੈਰੋਇਨ ਬਰਾਮਦ ਕੀਤਾ ਹੈ, ਜਿਸ ਵਿੱਚੋਂ 215 ਕਿਲੋਗ੍ਰਾਮ ਡਰੋਨ ਰਾਹੀਂ ਤਸਕਰੀ ਕਰ ਕੇ ਭਾਰਤੀ ਸਰਹੱਦ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਨਾਲ ਲੱਗਦੀ 553 ਕਿਲੋਮੀਟਰ ਦੀ ਅੰਤਰਰਾਸ਼ਟਰੀ ਸਰਹੱਦ ’ਤੇ ਤਸਕਰੀ ਦੀ ਚੁਣੌਤੀ ਦਾ ਮੁਕਾਬਲਾ ਕਰਨ ਵਾਸਤੇ ਬੀਐੱਸਐੱਫ ਨੇ ਗੁਰਦਾਸਪੁਰ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਸਮੇਤ ਤਿੰਨ ਸਰਹੱਦੀ ਜ਼ੋਨਾਂ ਵਿੱਚ ਸਰਹੱਦ ਦੇ ਨਾਲ ਨਾਲ ਸੰਵੇਦਨਸ਼ੀਲ ਇਲਾਕਿਆਂ ਅਤੇ ਦਰਿਆਈ ਖੇਤਰਾਂ ਵਿੱਚ ਸੀਸੀਟੀਵੀ ਕੈਮਰਿਆਂ ਤੋਂ ਇਲਾਵਾ ਅਤਿ-ਆਧੁਨਿਕ ਇਲੈਕਟ੍ਰਾਨਿਕ ਯੰਤਰ ਸਥਾਪਤ ਕੀਤੇ ਹਨ। ਬੀਐੱਸਐੱਫ ਵੱਲੋਂ ਇੱਥੇ ਖਾਸਾ ਹੈੱਡਕੁਆਰਟਰ ਵਿੱਚ ਇੱਕ ਅਜਿਹੀ ਲੈਬ ਵੀ ਸਥਾਪਤ ਕੀਤੀ ਗਈ ਹੈ ਜੋ ਬਰਾਮਦ ਕੀਤੇ ਗਏ ਡਰੋਨ ਅਤੇ ਇਸ ਦੀ ਤਕਨੀਕ ਸਬੰਧੀ ਅਧਿਐਨ ਕਰ ਰਹੀ ਹੈ।
ਪਾਕਿਸਤਾਨੀ ਹਥਿਆਰਾਂ ਸਣੇ ਦੋ ਕਾਬੂ
ਅੰਮ੍ਰਿਤਸਰ (ਟਨਸ):
ਪੰਜਾਬ ਪੁਲੀਸ ਦੇ ਕਾਊਂਟਰ ਇੰਟੈਲੀਜੈਂਸ (ਸੀਆਈ) ਵਿੰਗ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਪਾਕਿਸਤਾਨ ਤੋਂ ਲਿਆਂਦੇ ਹਥਿਆਰਾਂ ਦੀ ਖੇਪ ਅੱਗੇ ਕਿਸੇ ਹੋਰ ਨੂੰ ਦੇਣ ਆਏ ਸਨ। ਇਨ੍ਹਾਂ ਕੋਲੋਂ ਅੱਠ ਆਧੁਨਿਕ ਪਿਸਤੌਲ ਬਰਾਮਦ ਹੋਏ ਹਨ, ਜਿਨ੍ਹਾਂ ਵਿੱਚ ਵਿਦੇਸ਼ੀ ਪਿਸਤੌਲ ਵੀ ਸ਼ਾਮਲ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਜਗਜੀਤ ਸਿੰਘ ਉਰਫ਼ ਨਿੱਕੂ ਅਤੇ ਗੁਰਵਿੰਦਰ ਸਿੰਘ ਉਰਫ਼ ਗਾਂਧੀ ਦੋਵੇਂ ਵਾਸੀ ਪਿੰਡ ਕੌਲੋਵਾਲ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਡੀਜੀਪੀ ਨੇ ਦੱਸਿਆ ਕਿ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਕੀਤੀ ਕਾਰਵਾਈ ਦੌਰਾਨ ਸੀਆਈ ਅੰਮ੍ਰਿਤਸਰ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਨੂੰ ਅੰਮ੍ਰਿਤਸਰ ਦੇ ਘਰਿੰਡਾ ਨੇੜੇ ਨੂਰਪੁਰ ਪੱਧਰੀ ਤੋਂ ਕਾਬੂ ਕਰ ਲਿਆ। ਇਸ ਮੋਡਿਊਲ ਦਾ ਮੁੱਖ ਸਰਗਨਾ ਪਾਕਿਸਤਾਨ ਆਧਾਰਤ ਹਥਿਆਰ ਤਸਕਰਾਂ ਦੇ ਸੰਪਰਕ ਵਿੱਚ ਸੀ। ਪੁਲੀਸ ਨੇ ਮੁੱਖ ਸਰਗਨੇ ਦੀ ਪਛਾਣ ਕਰ ਲਈ ਹੈ।