For the best experience, open
https://m.punjabitribuneonline.com
on your mobile browser.
Advertisement

ਬੀਐੱਸਐੱਫ ਨੇ ਪੰਜਾਬ ਸਰਹੱਦ ਲਈ ਇਕ ਹੋਰ ਬਟਾਲੀਅਨ ਮੰਗੀ

03:48 PM Aug 25, 2024 IST
ਬੀਐੱਸਐੱਫ ਨੇ ਪੰਜਾਬ ਸਰਹੱਦ ਲਈ ਇਕ ਹੋਰ ਬਟਾਲੀਅਨ ਮੰਗੀ
Advertisement

ਜਲੰਧਰ/ਨਵੀਂ ਦਿੱਲੀ, 25 ਅਗਸਤ
ਸਰਹੱਦੀ ਸੁਰੱਖਿਆ ਬਲ (ਬੀਐੱਸਐੱਫ) ਨੇ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪੰਜਾਬ ਦੇ ਇਲਾਕੇ ਵਿਚ ਸਰਹੱਦ ਪਾਰੋਂ ਡਰੋਨਾਂ ਜ਼ਰੀਏ ਹੁੰਦੀ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਤੇ ਘੁਸਪੈਠ ਨੂੰ ਨੱਥ ਪਾਉਣ ਲਈ ਵਧੀਕ ਬਟਾਲੀਅਨਾਂ ਦੀ ਤਾਇਨਾਤੀ ਮੰਗੀ ਹੈ। ਬੀਐੱਸਐੱਫ ਕੋਲ 500 ਕਿਲੋਮੀਟਰ ਲੰਮੀ ਸਰਹੱਦ ਦੀ ਰਾਖੀ ਲਈ ਇਸ ਵੇਲੇ ਕਰੀਬ 20 ਬਟਾਲੀਅਨਾਂ ਹਨ। ਇਨ੍ਹਾਂ ਵਿਚੋਂ 18 ਬਟਾਲੀਅਨਾਂ ਸਰਹੱਦ ’ਤੇ ਸਰਗਰਮੀ ਨਾਲ ਤਾਇਨਾਤ ਹਨ ਜਦੋਂਕਿ ਬਾਕੀ ਬਚਦੀਆਂ ਦੋ ਬਟਾਲੀਅਨਾਂ ਅੰਮ੍ਰਿਤਸਰ ਵਿਚ ਅਟਾਰੀ ਇੰਟੈਗਰੇਟਿਡ ਚੈੱਕ ਪੋਸਟ ਤੇ ਗੁਰਦਾਸਪੁਰ ਜ਼ਿਲ੍ਹੇ ਵਿਚ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ’ਤੇ ਲੋੜ ਮੁਤਾਬਕ ਤਾਇਨਾਤ ਹਨ। ਡਰੋਨਾਂ ਜ਼ਰੀਏ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ 2019-20 ਵਿਚ ਮੁੱਖ ਤੌਰ ’ਤੇ ਕੌਮਾਂਤਰੀ ਸਰਹੱਦ ਨਾਲ ਲੱਗਦੇ ਅੰਮ੍ਰਿਤਸਰ ਤੇ ਤਰਨ ਤਾਰਨ ਸਰਹੱਦੀ ਜ਼ਿਲ੍ਹਿਆਂ ਤੋਂ ਸ਼ੁਰੂ ਹੋਈ ਸੀ। ਸੀਨੀਅਰ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਪੰਜਾਬ ਦੀ ਸਰਹੱਦ ਨੂੰ ਬਿਹਤਰ ਤਰੀਕੇ ਨਾਲ ਸੁਰੱਖਿਅਤ ਬਣਾਉਣ ਲਈ ਬੀਐੱਸਐੱਫ ਦੀ ਇਕ ਹੋਰ ਬਟਾਲੀਅਨ ਮੰਗੀ ਗਈ ਹੈ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਗਈ ਗੁਜ਼ਾਰਿਸ਼ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਸਰਗਰਮੀ ਨਾਲ ਵਿਚਾਰ ਅਧੀਨ ਹੈ। ਬੀਐੱਸਐੱਫ ਦੇ ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਅਤੁਲ ਫੁਲਜ਼ੇਲੇ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਪਾਕਿਸਤਾਨ ਸਰਹੱਦ ਵਾਲੇ ਪਾਸਿਓਂ ਪੰਜਾਬ ਵਿਚ ਆਉਂਦਾ ਨਸ਼ਾ ਹੁਣ ਜ਼ਮੀਨੀ ਰੂਟ ਦੀ ਥਾਂ ਡਰੋਨਾਂ ਜ਼ਰੀਏ ਆਉਂਦਾ ਹੈ। ਅਧਿਕਾਰਤ ਅੰਕੜਿਆਂ ਮੁਤਾਬਕ ਸੁਰੱਖਿਆ ਏਜੰਸੀਆਂ ਨੇ ਇਸ ਸਾਲ ਹੁਣ ਤੱਕ 120 ਤੋਂ ਵੱਧ ਡਰੋਨ ਬਰਾਮਦ ਕੀਤੇ ਹਨ ਜਦੋਂਕਿ ਪਿਛਲੇ ਸਾਲ ਇਹ ਅੰਕੜਾ 107 ਸੀ। -ਪੀਟੀਆਈ

Advertisement
Advertisement
Author Image

Advertisement
×