ਬੀਐੱਸਐੱਫ ਵੱਲੋੋਂ ਸਰਹੱਦੀ ਖੇਤਰ ’ਚੋਂ ਪਾਕਿ ਘੁਸਪੈਠੀਆ ਕਾਬੂ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਮਈ
ਬੀਐੱਸਐੱਫ ਜਵਾਨਾਂ ਨੇ ਅੰਮ੍ਰਿਤਸਰ ਦੇ ਸਰਹੱਦੀ ਖੇਤਰ ’ਚੋਂ ਪਾਕਿਸਤਾਨੀ ਘੁਸਪੈਠੀਏ ਨੂੰ ਕਾਬੂ ਕੀਤਾ ਹੈ। ਬੀਐੱਸਐੱਫ ਅਧਿਕਾਰੀ ਨੇ ਦੱਸਿਆ ਕਿ 20 ਮਈ ਦੀ ਸ਼ਾਮ ਨੂੰ ਬੀਐੱਸਐੱਫ ਜਵਾਨਾਂ ਨੇ ਕੌਮਾਂਤਰੀ ਸਰਹੱਦ (IB) ਪਾਰ ਕਰ ਰਹੇ ਵਿਅਕਤੀ ਦੀ ਸ਼ੱਕੀ ਨਕਲੋ ਹਰਕਤ ਦੇਖੀ। ਉਹ ਸਰਹੱਦ ’ਤੇ ਕੰਡਿਆਲੀ ਤਾਰ ਦੇ ਨੇੜੇ ਆ ਗਿਆ। ਸਰਹੱਦ ’ਤੇ ਮੁਸਤੈਦ ਜਵਾਨਾਂ ਨੇ ਉਸ ਨੂੰ ਰੁਕਣ ਲਈ ਚੁਣੌਤੀ ਦਿੱਤੀ ਅਤੇ ਬਾਅਦ ਵਿੱਚ ਉਸ ਨੂੰ ਕਾਬੂ ਕਰ ਲਿਆ।

ਘੁਸਪੈਠੀਏ ਨੇ ਆਪਣੀ ਪਛਾਣ ਪਾਕਿਸਤਾਨੀ ਨਾਗਰਿਕ ਵਜੋਂ ਦੱਸੀ ਹੈ। ਤਲਾਸ਼ੀ ਲੈਣ ’ਤੇ ਉਸ ਦੇ ਕਬਜ਼ੇ ਵਿੱਚੋਂ 330 ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਗਈ। ਇਹ ਗ੍ਰਿਫ਼ਤਾਰੀ ਸਰਹੱਦੀ ਪਿੰਡ ਕਰੀਮਪੁਰਾ ਨਾਲ ਲੱਗਦੇ ਸਰਹੱਦੀ ਖੇਤਰ ਵਿੱਚੋਂ ਹੋਈ ਹੈ। ਬੀਐੱਸਐੱਫ ਤੇ ਸਹਿਯੋਗੀ ਏਜੰਸੀਆਂ ਨੇ ਸ਼ੁਰੂਆਤੀ ਪੁੱਛਗਿੱਛ ਮਗਰੋਂ ਪਾਕਿਸਤਾਨੀ ਘੁਸਪੈਠੀਏ ਨੂੰ ਅਗਲੇਰੀ ਜਾਂਚ ਅਤੇ ਕੌਮਾਂਤਰੀ ਸਰਹੱਦ ਪਾਰ ਕਰਨ ਦੇ ਉਦੇਸ਼ ਬਾਰੇ ਜਾਣਨ ਲਈ ਸਥਾਨਕ ਪੁਲੀਸ ਹਵਾਲੇ ਕਰ ਦਿੱਤਾ ਹੈ।