ਬੀਐੱਸਐੱਫ ਤੇ ਪਾਕਿਸਤਾਨੀ ਰੇਂਜਰਜ਼ ਨੇ ਸਰਹੱਦ ’ਤੇ ਇੱਕ-ਦੂਜੇ ਨੂੰ ਮਠਿਆਈ ਵੰਡੀ
ਪੱਤਰ ਪ੍ਰੇਰਕ
ਅਟਾਰੀ, 16 ਅਗਸਤ
ਭਾਰਤ ਦੇ ਆਜ਼ਾਦੀ ਦਿਵਸ ਮੌਕੇ ਅਟਾਰੀ-ਵਾਹਗਾ ਸਰਹੱਦ ਦੀ ਸਾਂਝੀ ਜਾਂਚ ਚੌਕੀ ’ਤੇ ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨੀ ਰੇਂਜਰਜ਼ ਦਰਮਿਆਨ ਮਠਿਆਈਆਂ ਦਾ ਆਦਾਨ-ਪ੍ਰਦਾਨ ਹੋਇਆ। ਸੀਮਾ ਸੁਰੱਖਿਆ ਬਲ ਦੇ 144ਵੀਂ ਬਟਾਲੀਅਨ ਦੇ ਕਮਾਂਡੈਂਟ ਏਕੇ ਮਿਸ਼ਰਾ ਤੇ ਪਾਕਿਸਤਾਨ ਰੇਂਜਰਜ਼ ਦੇ ਲੈਫਟੀਨੈਂਟ ਆਜ਼ਮ ਨੇ ਇਕ ਦੂਜੇ ਨੂੰ ਮਠਿਆਈਆਂ ਦੇ ਡੱਬੇ ਦੇ ਕੇ ਆਜ਼ਾਦੀ ਦਿਵਸ ਦੀ ਮੁਬਾਰਕਬਾਦ ਦਿੱਤੀ ਤੇ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਤੋਂ ਇਲਾਵਾ ਅਟਾਰੀ ਸਰਹੱਦ ’ਤੇ ਬੀਐਸਐਫ ਵੱਲੋਂ 78ਵਾਂ ਆਜ਼ਾਦੀ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਬੀਐਸਐਫ ਦੇ ਡਾਇਰੈਕਟਰ ਜਨਰਲ ਦਲਜੀਤ ਸਿੰਘ ਚੌਧਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਸੀਮਾ ਸੁਰੱਖਿਆ ਬਲ ਦੇ ਬਹਾਦਰ ਜਵਾਨ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ। ਉਨ੍ਹਾਂ ਪੰਜਾਬ ਦੀ ਧਰਤੀ ’ਤੇ ਜਨਮ ਲੈ ਕੇ ਤੇ ਦੇਸ਼ ਲਈ ਜਾਨਾਂ ਵਾਰਨ ਵਾਲੇ ਮਹਾਨ ਦੇਸ਼ਭਗਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।