ਜਾਇਦਾਦ ਦੇ ਝਗੜੇ ਵਿੱਚ ਭਰਾ ਦਾ ਕਤਲ
ਨਵੀਂ ਦਿੱਲੀ, 22 ਮਈ
ਦਿੱਲੀ ਦੇ ਸ਼ਾਹਦਰਾ ਵਿੱਚ ਦੋ ਭਰਾਵਾਂ ਵਿੱਚ ਜਾਇਦਾਦ ਨੂੰ ਲੈ ਕੇ ਹੋਏ ਝਗੜੇ ਵਿੱਚ 18 ਸਾਲਾ ਨੌਜਵਾਨ ਦੀ ਮੌਤ ਹੋ ਗਈ ਅਤੇ ਚਾਰ ਹੋਰ ਗੰਭੀਰ ਜ਼ਖ਼ਮੀ ਹੋ ਗਏ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਮ੍ਰਿਤਕ ਦੀ ਪਛਾਣ 18 ਸਾਲਾ ਸੁਹਾਨ ਵਜੋਂ ਕੀਤੀ ਹੈ, ਜਦਕਿ ਜ਼ਖ਼ਮੀਆਂ ਦੀ ਪਛਾਣ ਫੈਜ਼ਾਨ (19), ਨਿਸ਼ਾ (42), ਇਮਰਾਨ (45) ਅਤੇ ਸ਼ਮਸ਼ਾਦ (28) ਵਜੋਂ ਹੋਈ ਹੈ। ਇਹ ਸਾਰੇ ਜਗਤਪੁਰੀ ਖੇਤਰ ਸਥਿਤ ਸ਼ਾਹੀ ਮਸਜਿਦ ਨੇੜੇ ਰਾਸ਼ਿਦ ਬਾਜ਼ਾਰ ਦੇ ਵਸਨੀਕ ਹਨ।
ਪੁਲੀਸ ਨੇ ਕਿਹਾ ਕਿ ਮੁਰਸ਼ਿਦ, ਜ਼ੁਲਫ਼ਿਕਾਰ ਅਤੇ ਉਸ ਦੀ ਪਤਨੀ ਸ਼ਬਾਨਾ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲੀਸ ਨੇ ਦੱਸਿਆ ਕਿ ਮੰਗਲਵਾਰ ਨੂੰ ਪੀਸੀਆਰ ਕਾਲ ਰਾਹੀਂ ਦੋ ਭਰਾਵਾਂ ਵਿੱਚ ਝਗੜੇ ਸਬੰਧੀ ਸੂਚਨਾ ਮਿਲੀ ਸੀ। ਇਸ ਮਗਰੋਂ ਪੁਲੀਸ ਟੀਮ ਘਟਨਾ ਸਥਾਨ ’ਤੇ ਪਹੁੰਚੀ ਤਾਂ ਦੇਖਿਆ ਕਿ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਜਾ ਚੁੱਕਾ ਸੀ। ਮੁੱਢਲੀ ਜਾਂਚ ਮੁਤਾਬਕ ਝਗੜਾ ਸਈਦ ਅਹਿਮਦ ਦੀ ਮਾਲਕੀ ਵਾਲੀ ਦੁਕਾਨ ਨੂੰ ਲੈ ਕੇ ਹੋਇਆ ਸੀ।
ਡਿਪਟੀ ਕਮਿਸ਼ਨਰ ਆਫ ਪੁਲੀਸ (ਸ਼ਾਹਦਰਾ) ਸੁਰਿੰਦਰ ਚੌਧਰੀ ਨੇ ਕਿਹਾ, “ਸੱਯਦ ਅਹਿਮਦ ਦੇ ਛੇ ਪੁੱਤਰ ਹਨ, ਜਿਨ੍ਹਾਂ ਵਿੱਚੋਂ ਚਾਰ ਇਸਤਿਕਾਰ, ਜ਼ੁਲਫ਼ਿਕਾਰ, ਇਮਰਾਨ ਅਤੇ ਸ਼ਮਸ਼ਾਦ ਹਨ। ਸਾਰੇ ਇੱਕੋ ਘਰ ਵਿੱਚ ਰਹਿੰਦੇ ਹਨ। ਜ਼ੁਲਫਿਕਾਰ ਘਰ ਦੇ ਨੇੜੇ ਵੈਲਡਿੰਗ ਦੀ ਦੁਕਾਨ ਚਲਾਉਂਦਾ ਹੈ। ਇਮਰਾਨ ਆਪਣੇ ਭਰਾਵਾਂ ਦੀ ਮਨਜ਼ੂਰੀ ਨਾਲ ਦੁਕਾਨ ਵੇਚਣਾ ਚਾਹੁੰਦਾ ਸੀ, ਪਰ ਜ਼ੁਲਫਿਕਾਰ ਨੇ ਇਤਰਾਜ਼ ਕੀਤਾ। ਇਸ ਮਗਰੋਂ ਦੋਵਾਂ ਦਰਮਿਆਨ ਝਗੜਾ ਹੋ ਗਿਆ।’’
ਡੀਸੀਪੀ ਨੇ ਦੱਸਿਆ ਕਿ ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਲ ਹੀ ਜ਼ੁਲਫਿਕਾਰ ਅਤੇ ਇਮਰਾਨ ਵਿਚਾਲੇ ਜਾਇਦਾਦ ਨੂੰ ਲੈ ਕੇ ਵਿਵਾਦ ਕਾਫੀ ਸਮੇਂ ਤੋਂ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜ਼ੁਲਫਿਕਾਰ ਅਤੇ ਇਮਰਾਨ ਵਿਚਾਲੇ ਤਕਰਾਰ ਮਗਰੋਂ ਮਾਮਲਾ ਕੁੱਟਮਾਰ ਤੱਕ ਪਹੁੰਚ ਗਿਆ।
ਚੌਧਰੀ ਨੇ ਕਿਹਾ ਕਿ ਜ਼ੁਲਫਿਕਾਰ ਅਤੇ ਉਸ ਦੇ ਪੁੱਤਰ ਮੁਰਸ਼ਿਦ ਨੇ ਇਮਰਾਨ, ਉਸ ਦੀ ਪਤਨੀ ਨਿਸ਼ਾ ਅਤੇ ਉਸ ਦੇ ਪੁੱਤਰਾਂ ਫੈਜ਼ਾਨ, ਸੁਹਾਨ ਅਤੇ ਜ਼ੁਲਫਿਕਾਰ ਦੇ ਇੱਕ ਹੋਰ ਭਰਾ ਸ਼ਮਸ਼ਾਦ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਸੁਹਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਬਾਕੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। -ਪੀਟੀਆਈ