ਸੜਕ ਹਾਦਸੇ ’ਚ ਭਰਾ ਦੀ ਮੌਤ, ਭੈਣ ਜ਼ਖ਼ਮੀ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 27 ਜੁਲਾਈ
ਸਥਾਨਕ ਗੁਰਦੁਆਰਾ ਨਾਨਕਿਆਣਾ ਸਾਹਿਬ ਦੇ ਨਜ਼ਦੀਕ ਬੀਤੀ ਸ਼ਾਮ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ’ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ, ਜਦੋਂਕਿ ਉਸ ਦੀ ਭੈਣ ਜ਼ਖ਼ਮੀ ਹੋ ਗਈ, ਜਿਸਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦੋਵੇਂ ਭੈਣ-ਭਰਾ ਟਿਊਸ਼ਨ ਪੜ੍ਹ ਕੇ ਸ਼ਹਿਰ ਤੋਂ ਪਿੰਡ ਪਰਤ ਰਹੇ ਸਨ। ਹਾਦਸਾ ਏਨਾ ਭਿਆਨਕ ਸੀ ਕਿ ਕਾਰ ਪਲਟ ਗਈ ਤੇ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਹਾਦਸੇ ’ਚ ਕਾਰ ਸਵਾਰਾਂ ਦਾ ਬਚਾਅ ਰਿਹਾ। ਥਾਣਾ ਸਦਰ ਪੁਲੀਸ ਸੰਗਰੂਰ ਦੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਅਨੁਸਾਰ ਜਸਵਿੰਦਰ ਸਿੰਘ ਵਾਸੀ ਭਗਵਾਨਪੁਰਾ (ਨਾਈਵਾਲਾ) ਸੰਗਰੂਰ ਨੇ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਲੜਕਾ ਪ੍ਰਭਜੋਤ ਸਿੰਘ (15) ਅਤੇ ਉਸ ਦੀ ਲੜਕੀ ਨਵਜੋਤ ਕੌਰ (18) ਮੋਟਰਸਾਈਕਲ ’ਤੇ ਰੋਜ਼ਾਨਾ ਦੀ ਤਰ੍ਹਾਂ ਸੰਗਰੂਰ ਟਿਊਸ਼ਨ ਪੜ੍ਹਨ ਤੋਂ ਬਾਅਦ ਘਰ ਪਰਤ ਰਹੇ ਸੀ। ਮੋਟਰਸਾਈਕਲ ਉਸ ਦੀ ਲੜਕੀ ਨਵਜੋਤ ਕੌਰ ਚਲਾ ਰਹੀ ਸੀ ਅਤੇ ਉਹ ਵੀ ਉਨ੍ਹਾਂ ਦੇ ਪਿੱਛੇ ਆ ਰਿਹਾ ਸੀ। ਉਸ ਦੇ ਬੱਚਿਆਂ ਨੇ ਗੁਰਦੁਆਰਾ ਨਾਨਕਿਆਣਾ ਸਾਹਿਬ ਤੋਂ ਥੋੜ੍ਹਾ ਪਿੱਛੇ ਕਾਰ ਸੇਵਾ ਡੇਰੇ ਕੋਲ ਬਣੇ ਪੱਕੇ ਕੱਟ ’ਤੇ ਮੋਟਰਸਾਈਕਲ ਰੋਕ ਲਿਆ ਤਾਂ ਗੁਰਦੁਆਰਾ ਨਾਨਕਿਆਣਾ ਸਾਹਿਬ ਵਾਲੇ ਪਾਸੇ ਤੋਂ ਇੱਕ ਤੇਜ਼ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਕਾਰ ਚਾਲਕ ਨੇ ਉਸ ਦੇ ਬੱਚਿਆਂ ’ਚ ਕਾਰ ਮਾਰੀ। ਹਾਦਸੇ ਵਿਚ ਦੋਵੇਂ ਭੈਣ-ਭਰਾ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਸੰਗਰੂਰ ਲਿਜਾਇਆ ਗਿਆ, ਜਿਥੇ ਲੜਕੇ ਪ੍ਰਭਜੋਤ ਸਿੰਘ ਦੀ ਮੌਤ ਹੋ ਗਈ। ਪੁਲੀਸ ਨੇ ਕਾਰ ਚਾਲਕ ਰਾਜ ਸਿੰਘ ਵਾਸੀ ਸੈਕਟਰ 42-ਬੀ ਚੰਡੀਗੜ੍ਹ ਦੇ ਖ਼ਿਲਾਫ਼ ਥਾਣਾ ਸਦਰ ਸੰਗਰੂਰ ’ਚ ਕੇਸ ਦਰਜ ਕਰ ਲਿਆ ਹੈ।