ਗੈਸ ਸਿਲੰਡਰ ਫਟਣ ਕਾਰਨ ਭੂਆ ਤੇ ਭਤੀਜੀ ਦੀ ਮੌਤ, ਤਿੰਨ ਜ਼ਖ਼ਮੀ
ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 4 ਨਵੰਬਰ
ਪਿੰਡ ਚੀਕਾ ਦੇ ਵਾਰਡ ਨੰਬਰ 3 ਵਿੱਚ ਅੱਜ ਸਵੇਰ 3.50 ਵਜੇ ਘਰ ਵਿੱਚ ਦੋ ਗੈਸ ਸਿਲੰਡਰ ਫਟਣ ਕਾਰਨ ਭੂਆ ਅਤੇ ਭਤੀਜੀ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਡੇਢ ਸਾਲ ਦੀ ਕੁੜੀ ਰੂਹੀ ਅਤੇ 16 ਸਾਲਾ ਕੋਮਲ ਸ਼ਾਮਲ ਹੈ। ਕੋਮਲ ਦੀ ਪਟਿਆਲਾ ਲਿਜਾਂਦੇ ਸਮੇਂ ਮੌਤ ਹੋ ਗਈ। ਇਕ ਲੜਕੀ ਦੀ ਲੱਤ ਟੁੱਟ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ।
ਚੀਕਾ ਦੇ ਵਾਰਡ ਨੰਬਰ ਤਿੰਨ ਵਿੱਚ ਦੋ ਸਕੇ ਭਰਾ ਬਲਵਾਨ ਸਿੰਘ ਅਤੇ ਬਲਜੀਤ ਸਿੰਘ ਪਰਿਵਾਰਾਂ ਸਣੇ ਦੋ ਮੰਜ਼ਿਲਾ ਮਕਾਨ ਵਿੱਚ ਰਹਿੰਦੇ ਹਨ। ਦੋਵਾਂ ਪਰਿਵਾਰਾਂ ਦੇ ਕੁੱਲ 10 ਮੈਂਬਰ ਹਨ। ਰੋਜ਼ਾਨਾ ਵਾਂਗ ਰਾਤ ਦਾ ਖਾਣਾ ਖਾਣ ਮਗਰੋਂ ਬਲਵਾਨ ਸਿੰਘ ਕਮਰੇ ਵਿੱਚ ਸੌਂ ਗਿਆ ਅਤੇ ਉਸ ਦੀ ਪਤਨੀ ਸੁਮਿਤਾ ਆਪਣੀ ਧੀ ਕੋਮਲ, ਨੂੰਹ ਸਪਨਾ ਅਤੇ ਡੇਢ ਸਾਲ ਦੀ ਪੋਤੀ ਰੂਹੀ ਸਣੇ ਵੱਖਰੇ ਕਮਰੇ ਵਿਚ ਸੌਂ ਗਈਆਂ। ਤੜਕੇ ਕਰੀਬ 3 ਵਜੇ ਬਲਵਾਨ ਸਿੰਘ ਦੇ ਘਰ ਦੇ ਹਿੱਸੇ ਵਿੱਚ ਧਮਾਕਾ ਹੋਇਆ ਅਤੇ ਘਰ ਦੀ ਕਰੀਬ 30 ਫੁੱਟ ਲੰਮੀ ਕੰਧ ਡਿੱਗ ਗਈ ਅਤੇ ਘਰ ਦੇ ਅੰਦਰ ਸਾਰਾ ਸਾਮਾਨ ਨੁਕਸਾਨਿਆ ਗਿਆ। ਹਾਦਸੇ ਵਿੱਚ ਸਪਨਾ ਦੀ ਲੱਤ ਟੁੱਟ ਗਈ।
ਉਸ ਦਾ ਪਟਿਆਲਾ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਜਦੋਂਕਿ ਬਲਵਾਨ ਸਿੰਘ ਅਤੇ ਉਸ ਦੀ ਪਤਨੀ ਸੁਨੀਤਾ ਨੂੰ ਛੁੱਟੀ ਦੇ ਦਿੱਤੀ ਗਈ ਹੈ। ਧਮਾਕੇ ਕਾਰਨ ਨੇੜਲੇ ਦਰਜਨਾਂ ਘਰਾਂ ਵਿੱਚ ਤਰੇੜਾਂ ਆ ਗਈਆਂ ਹਨ। ਧਮਾਕੇ ਦੀ ਆਵਾਜ਼ ਦੋ-ਤਿੰਨ ਕਿਲੋਮੀਟਰ ਦੂਰ ਗੂਹਲਾ ਤੱਕ ਸੁਣਾਈ ਦਿੱਤੀ।
ਡੀਐੱਸਪੀ ਕੁਲਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਫੋਰੈਂਸਿਕ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ ਹੈ। ਪਰਿਵਾਰਕ ਮੈਂਬਰ ਬਲਜੀਤ ਸਿੰਘ ਨੇ ਦੱਸਿਆ ਕਿ ਘਰ ਦੀ ਰਸੋਈ ਵਿੱਚ ਗੈਸ ਸਿਲੰਡਰ ਫਟਣ ਕਾਰਨ ਇਹ ਹਾਦਸਾ ਵਾਪਰਿਆ।
ਹਾਦਸੇ ਵਾਲੀ ਥਾਂ ’ਤੇ ਪੋਟਾਸ਼ ਦੀ ਬਦਬੂ ਫੈਲੀ
ਜਿੱਥੇ ਹਾਦਸਾ ਵਾਪਰਿਆ ਉੱਥੇ ਪੋਟਾਸ਼ ਦੀ ਬਦਬੂ ਫੈਲ ਗਈ। ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਪੋਟਾਸ਼ ਦੀ ਉਪਲਬਧਤਾ ਹੋ ਸਕਦੀ ਹੈ। ਹਾਲਾਂਕਿ ਪੁਲੀਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।