ਬਰੁੱਕਫੀਲਡ ਸਕੂਲ ਦੇ ਵਿਦਿਆਰਥੀਆਂ ਨੇ ਯੂਕੇ ’ਚ ਧਮਾਲਾਂ ਪਾਈਆਂ
ਪੱਤਰ ਪ੍ਰੇਰਕ
ਕੁਰਾਲੀ, 31 ਜੁਲਾਈ
ਸਥਾਨਕ ਸੀਸਵਾਂ ਰੋਡ ’ਤੇ ਸਥਿਤ ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਦੇ ਚਾਰ ਵਿਦਿਅਰਥੀਆਂ ਨੇ ਇੰਗਲੈਂਡ ਵਿੱਚ ਹੋਏ ਵਿਸ਼ਵ ਬਾਲ ਲੋਕ ਨਾਚ ਮੁਕਾਬਲੇ ਵਿੱਚ ਧਮਾਲਾ ਪਾ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਸਕੂਲ ਦਾ ਨਾਂ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਸਕੂਲ ਦੇ ਚਾਰ ਵਿਦਿਆਰਥੀਆਂ ਰਣਵੀਰ ਤੇ ਸਪਸ਼ਸ ਸੱਤਵੀਂ ਕਲਾਸ, ਨਿਆਮਤ ਅੱਠਵੀਂ ਅਤੇ ਤਨਿਸ਼ਕਾ ਚੌਥੀ ਕਲਾਸ ਨੇ ਬੀਐੱਸਟੀ ਹਾਈਡ ਪਾਰਕ, ਯੂਕੇ ਵਿਚ ਕਰਵਾਏ ਵਿਸ਼ਵ ਬਾਲ ਲੋਕ ਨਾਚ ਮੁਕਾਬਲੇ ਵਿਚ ਭਾਗ ਲਿਆ ਅਤੇ ਪੰਜਾਬ ਦਾ ਲੋਕ ਨਾਚ ਭੱਗੜਾ ਪੇਸ਼ ਕੀਤਾ। ਇਸ ਵਿਸ਼ਵ ਪੱਧਰੀ ਲੋਕ ਨਾਚ ਮੁਕਾਬਲੇ ਵਿਚ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਪੰਜਾਬ ਅਤੇ ਪੰਜਾਬ ਦੇ ਲੋਕ ਨਾਚ ਭੰਗੜੇ ਦਾ ਨਾਂ ਉੱਚਾ ਕੀਤਾ ਹੈ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਨਵ ਸਿੰਗਲਾ ਨੇ ਵਿਦਿਆਰਥੀਆਂ ਤੇ ਕੋਚ ਨਰੋਤਮ ਸਿੰਘ ਦੀ ਸ਼ਲਾਘਾ ਕੀਤੀ। ਸਕੂਲ ਦੇ ਪੈਟਰਨ ਨੀਲਮ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦਾ ਸਕੂਲ ਵਿਦਿਆਰਥੀਆਂ ਨੂੰ ਕਲਾ ਅਤੇ ਸੱਭਿਆਚਾਰ ਸਣੇ ਵੱਖ-ਵੱਖ ਖੇਤਰਾਂ ਵਿਚ ਮੱਲ੍ਹਾਂ ਮਾਰਨ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ।