ਰਾਹਗੀਰਾਂ ਲਈ ਮੁਸੀਬਤ ਬਣੀਆਂ ਟੁੱਟੀਆਂ ਪੁਲੀਆਂ
ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 18 ਨਵੰਬਰ
ਪਿੰਡ ਪਲਹੇੜੀ ਤੋਂ ਰੁੜਕੀ ਤੇ ਤਿਊੜ ਜਾਣ ਵਾਲੀ ਸੜਕ ਉੱਤੇ ਪੈਂਦੀਆਂ ਦੋ ਪੁਲੀਆਂ ਦੀ ਹਾਲਤ ਖਸਤਾ ਹੋਣ ਕਾਰਨ ਰਾਹਗੀਰ ਪ੍ਰੇਸ਼ਾਨ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਪੁਲੀਆਂ ਉੱਤੋਂ ਇਲਾਕੇ ਦਰਜਨ ਦੇ ਕਰੀਬ ਪਿੰਡਾਂ ਦੇ ਲੋਕ ਕੁਰਾਲੀ ਅਤੇ ਖਰੜ ਨੂੰ ਆਉਂਦੇ-ਜਾਂਦੇ ਹਨ। ਇੱਥੋਂ ਸਕੂਲੀ ਬੱਚੇ ਵੀ ਲੰਘਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਨਵਾਂ ਗਰਾਉਂ ਨੇੜਲੇ ਪਿੰਡ ਕਾਨੇ ਦਾ ਵਾੜਾ, ਪ੍ਰੇਮਪੁਰਾ, ਟਾਂਡਾ-ਟਾਂਡੀ ਪਹਾੜੀ ਖੇਤਰ ਤੋਂ ਨਿਕਲਦੀ ਪਟਿਆਲਾ ਕੀ ਰਾਉ ਨਦੀ ਚੰਡੀਗੜ੍ਹ ਦੇ ਪਿੰਡ ਧਨਾਸ, ਡੱਡੂ ਮਾਜਰਾ ਤੇ ਮਲੋਆ ਨੇੜਿਉਂ ਨਿਕਲ ਕੇ ਆਉਂਦੀ ਹੈ ਅਤੇ ਇਹ ਨਦੀ ਪਿੰਡ ਡੱਡੂ ਮਾਜਰਾ ਤੇ ਮਲੋਆ ਕੋਲ ਆ ਕੇ ਕੱਚੀ ਨਹਿਰ ਨਾਲ ਜੁੜਦੀ ਹੋਈ ਅੱਗੇ ਜਾ ਕੇ ਕੁਰਾਲੀ ਵਾਲੀ ਨਦੀ ਵਿੱਚ ਜਾ ਮਿਲਦੀ ਹੈ। ਇੱਥੇ ਬਰਸਾਤ ਦੇ ਮੌਸਮ ਦੌਰਾਨ ਬਾਰਸ਼ਾਂ ਦਾ ਪਾਣੀ ਜ਼ਿਆਦਾ ਆਉਣ ਕਾਰਨ ਪੁਲੀਆਂ ਟੁੱਟ ਗਈਆਂ ਸਨ। ਪਿਛਲੇ ਕਰੀਬ ਚਾਰ ਸਾਲਾਂ ਤੋਂ ਇਹ ਰਸਤਾ ਖ਼ਰਾਬ ਹਾਲਤ ਵਿੱਚ ਹੀ ਹੈ। ਇੱਥੇ ਪੁੱਜਣ ਵਾਲੇ ਸਿਆਸੀ ਲੋਕ ਇਨ੍ਹਾਂ ਪੁਲੀਆਂ ਦੀ ਹਾਲਤ ਦੇਖ ਕੇ ਲੋਕਾਂ ਨੂੰ ਭਰੋਸਾ ਦੇ ਕੇ ਤੁਰਦੇ ਬਣਦੇ ਹਨ ਪਰ ਕੋਈ ਵੀ ਮੁਰੰਮਤ ਕਰਵਾਉਣ ਲਈ ਹਾਅ ਦਾ ਨਾਅਰਾ ਨਹੀਂ ਮਾਰਦਾ।
ਜਰਨੈਲ ਇਲੈਕਟਰੀਕਲ, ਰਵੀ ਸ਼ਰਮਾ ਮੁੱਲਾਂਪੁਰ ਗਰੀਬਦਾਸ, ਸੁਰਜੀਤ ਸਿੰਘ ਸੈਣੀ ਮਾਜਰਾ, ਸਤਵੀਰ ਸੱਤੀ ਮੁੱਲਾਂਪੁਰ, ਰਵਿੰਦਰ ਸਿੰਘ ਖੇੜਾ ਸਣੇ ਪਿੰਡ ਢਕੋਰਾਂ, ਬਹਾਲਪੁਰ, ਟੱਪਰੀਆਂ, ਪਲਹੇੜੀ, ਰੁੜਕੀ, ਰਾਣੀ ਮਾਜਰਾ, ਸਿਆਮੀਪੁਰ, ਤਿਊੜ ਆਦਿ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਹਿਲ ਦੇ ਆਧਾਰ ’ਤੇ ਇਨ੍ਹਾਂ ਪੁਲੀਆਂ ਦੀ ਮੁਰੰਮਤ ਕਰਵਾਈ ਜਾਵੇ। ਵਿਧਾਇਕਾ ਅਨਮੋਲ ਗਗਨ ਮਾਨ ਨੇ ਕਿਹਾ ਕਿ ਉਹ ਇਨ੍ਹਾਂ ਪੁਲੀਆਂ ਦਾ ਦੌਰਾ ਕਰਨਗੇ।