ਚੌੜਾ ਬਾਜ਼ਾਰ: ਦੋ ਦਿਨਾਂ ਲਈ ਈ-ਰਿਕਸ਼ਿਆਂ ਦਾ ਦਾਖਲਾ ਬੰਦ
ਗਗਨਦੀਪ ਅਰੋੜਾ
ਲੁਧਿਆਣਾ, 23 ਨਵੰਬਰ
ਲੁਧਿਆਣਾ ਟਰੈਫਿਕ ਪੁਲੀਸ ਨੇ ਸ਼ਹਿਰ ਦੇ ਮੁੱਖ ਚੌੜਾ ਬਾਜ਼ਾਰ ’ਚ ਦਿਨੋਂ-ਦਿਨ ਵਧ ਰਹੇ ਟਰੈਫਿਕ ਨੂੰ ਕਾਬੂ ਕਰਨ ਲਈ ਨਵਾਂ ਤਰੀਕਾ ਲੱਭਿਆ ਹੈ। ਟਰੈਫਿਕ ਪੁਲੀਸ ਨੇ ਚੌੜਾ ਬਾਜ਼ਾਰ ਨੂੰ ਜਾਣ ਵਾਲੇ ਈ-ਰਿਕਸ਼ਾ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ ਪੁਲੀਸ ਨੇ ਹਾਲੇ ਇਹ ਪਾਬੰਦੀ ਟਰਾਇਲ ਬੇਸ ’ਤੇ ਦੋ ਦਿਨਾਂ ਲਈ ਲਗਾਈ ਹੈ। ਸ਼ਨਿੱਚਰਵਾਰ ਤੇ ਐਤਵਾਰ ਨੂੰ ਚੌੜਾ ਬਾਜ਼ਾਰ ’ਚ ਜ਼ਿਆਦਾ ਭੀੜ ਹੁੰਦੀ ਹੈ ਅਤੇ ਬਾਹਰਲੇ ਇਲਾਕਿਆਂ ਤੋਂ ਵੀ ਲੋਕ ਖਰੀਦਦਾਰੀ ਕਰਨ ਆਉਂਦੇ ਹਨ ਜਿਸ ਕਾਰਨ ਕਈ ਘੰਟੇ ਇਥੇ ਟਰੈਫਿਕ ਜਾਮ ਰਹਿੰਦਾ ਹੈ। ਪੁਲੀਸ ਨੇ ਚੌੜਾ ਬਾਜ਼ਾਰ ਦੇ ਦੁਕਾਨਦਾਰਾਂ ਨਾਲ ਸਲਾਹ ਕਰਕੇ ਹੀ ਇਹ ਕਦਮ ਚੁੱਕਿਆ ਹੈ। ਜੇਕਰ ਇਹ ਟਰਾਇਲ ਸਫ਼ਲ ਹੋ ਜਾਂਦਾ ਹੈ ਤਾਂ ਇਸ ਨੂੰ ਰੁਟੀਨ ਬਣਾਉਣ ਬਾਰੇ ਸੋਚਿਆ ਜਾਵੇਗਾ। ਹਾਲਾਂਕਿ ਇਸ ’ਤੇ ਹਾਲੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਚੌੜਾ ਬਾਜ਼ਾਰ ਸ਼ਹਿਰ ਦਾ ਸਭ ਤੋਂ ਪੁਰਾਣਾ ਬਾਜ਼ਾਰ ਹੈ ਜਿੱਥੇ ਬਾਹਰਲੇ ਇਲਾਕਿਆਂ ਦੇ ਨਾਲ-ਨਾਲ ਸ਼ਹਿਰ ਦੇ ਕਈ ਹਿੱਸਿਆਂ ਤੋਂ ਲੋਕ ਖਰੀਦਦਾਰੀ ਲਈ ਆਉਂਦੇ ਹਨ। ਰੈਡੀਮੇਡ ਕੱਪੜਿਆਂ ਲਈ ਮਸ਼ਹੂਰ ਚੌੜਾ ਬਾਜ਼ਾਰ ’ਚ ਸ਼ਨਿਚਰਵਾਰ ਅਤੇ ਐਤਵਾਰ ਨੂੰ ਆਮ ਨਾਲੋਂ ਜ਼ਿਆਦਾ ਭੀੜ ਹੁੰਦੀ ਹੈ। ਚੌੜਾ ਬਾਜ਼ਾਰ ਵਿੱਚ ਈ-ਰਿਕਸ਼ਾ, ਰਿਕਸ਼ਾ ਅਤੇ ਹੋਰ ਚਾਰ ਪਹੀਆ ਵਾਹਨਾਂ ਦੇ ਦਾਖਲ ਹੋਣ ਕਾਰਨ ਟੈਰਫਿਕ ਜਾਮ ਲੱਗ ਜਾਂਦਾ ਹੈ ਅਤੇ ਕਈ-ਕਈ ਘੰਟੇ ਜਾਮ ਨਹੀਂ ਖੁੱਲ੍ਹਦਾ। ਜਿਸ ਕਾਰਨ ਨਾ ਸਿਰਫ਼ ਦੁਕਾਨਦਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਸਗੋਂ ਲੋਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਸਬੰਧੀ ਸ਼ਿਕਾਇਤ ਏਸੀਪੀ ਟਰੈਫਿਕ ਜਤਿਨ ਬਾਂਸਲ ਤੱਕ ਪਹੁੰਚੀ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਟੀਮ ਨੇ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਇਹ ਪਲਾਨਿੰਗ ਕੀਤੀ। ਹੁਣ ਦੋ ਦਿਨ ਚੌੜਾ ਬਾਜ਼ਾਰ ’ਚ ਈ-ਰਿਕਸ਼ਾ ਅਤੇ ਰਿਕਸ਼ਾ ਦੀ ਐਂਟਰੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਚਾਰ ਪਹੀਆ ਵਾਹਨਾਂ ਨੂੰ ਵੀ ਬਾਹਰ ਹੀ ਪਾਰਕਿੰਗ ਵਿੱਚ ਪਾਰਕ ਕਰਨਾ ਪਵੇਗਾ। ਇਸ ਲਈ ਪੁਲੀਸ ਨੇ ਦੋਵੇਂ ਪਾਸੇ ਬੈਰੀਕੇਡ ਬਣਾ ਕੇ ਪੁਲੀਸ ਮੁਲਾਜ਼ਮਾਂ ਨੂੰ ਡਿਊਟੀ ’ਤੇ ਲਾਇਆ। ਏਸੀਪੀ ਜਤਿਨ ਬਾਂਸਲ ਨੇ ਦੱਸਿਆ ਕਿ ਇਹ ਕਾਰਵਾਈ ਪਰਖ ਦੇ ਆਧਾਰ ’ਤੇ ਕੀਤੀ ਗਈ ਹੈ।