ਬਰਤਾਨੀਆ ਦੇ ਸੰਸਦ ਮੈਂਬਰਾਂ ਨੇ ਸੁਨਕ ਨੂੰ ਭਾਰਤ ’ਚੋਂ ਜਗਤਾਰ ਸਿੰਘ ਜੌਹਲ ਨੂੰ ਰਿਹਾਅ ਕਰਾਉਣ ਦੀ ਅਪੀਲ ਕੀਤੀ
ਲੰਡਨ, 6 ਸਤੰਬਰ
ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਬਰਤਾਨੀਆ ਦੇ 70 ਤੋਂ ਵੱਧ ਸੰਸਦ ਮੈਂਬਰਾਂ ਸਮੂਹ ਦੇਸ਼ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਭਾਰਤ ਵਿੱਚ ਕੈਦ ਬਰਤਾਨਵੀ ਸਿੱਖ ਦੀ ਤੁਰੰਤ ਰਿਹਾਈ ਦੀ ਮੰਗ ਕਰਨ ਲਈ ਕਿਹਾ ਹੈ। ਸੁਨਕ ਇਸ ਹਫਤੇ ਜੀ20 ਨੇਤਾਵਾਂ ਦੇ ਸਿਖ਼ਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਰਹੇ ਹਨ। ਬੀਬੀਸੀ ਦੀ ਰਿਪੋਰਟ ਮੁਤਾਬਕ ਪੱਤਰ ਵਿੱਚ ਸੰਸਦ ਮੈਂਬਰਾਂ ਨੇ ਸ੍ਰੀ ਸੁਨਕ ਨੂੰ ਅਪੀਲ ਕੀਤੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਗਤਾਰ ਸਿੰਘ ਜੌਹਲ ਨੂੰ ਤੁਰੰਤ ਰਿਹਾਅ ਕਰਨ ਦੀ ਅਪੀਲ ਕਰਨ। ਜੌਹਲ ਭਾਰਤ ਵਿੱਚ ਪੰਜ ਸਾਲਾਂ ਤੋਂ ਜੇਲ੍ਹ ’ਚ ਹੈ। ਡੰਬਰਟਨ ਤੋਂ ਜੌਹਲ ਆਪਣੇ ਵਿਆਹ ਲਈ ਪੰਜਾਬ ਵਿੱਚ ਸੀ, ਜਦੋਂ ਉਸਨੂੰ 4 ਨਵੰਬਰ, 2017 ਨੂੰ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਖਾਲਿਸਤਾਨ ਲਬਿਰੇਸ਼ਨ ਫੋਰਸ (ਕੇਐੱਲਐੱਫ) ਵੱਲੋਂ ਕੀਤੇ ਕਤਲਾਂ ਵਿੱਚ ਉਸ ਦੀ ਕਥਿਤ ਭੂਮਿਕਾ ਲਈ ਜਲੰਧਰ ਵਿੱਚ ਗ੍ਰਿਫਤਾਰ ਕਰ ਲਿਆ ਸੀ। ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ 36 ਸਾਲਾ ਜੌਹਲ ’ਤੇ ਤਸ਼ੱਦਦ ਢਾਹਿਆ ਜਾ ਰਿਹਾ ਹੈ ਤੇ ਉਹ ਇਸ ਵੇਲੇ ਤਿਹਾੜ ਜੇਲ੍ਹ ’ਚ ਹੈ। ਉਸ ਤੋਂ ਖਾਲ੍ਹੀ ਕਾਗਜ਼ਾਂ ’ਤੇ ਦਸਤਖਤ ਕਰਵਾਏ ਗਏ ਹਨ। ਦੂਜੇ ਪਾਸੇ ਭਾਰਤ ਨੇ ਅਜਿਹੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਜੌਹਲ ’ਤੇ ਕਤਲ, ਕਤਲ ਦੀ ਸਾਜ਼ਿਸ਼ ਵਰਗੇ 10 ਦੋਸ਼ ਹਨ।