ਬ੍ਰਿਟੇਨ ਦੇ ਵਿਦੇਸ਼ ਸਕੱਤਰ ਭਾਰਤ ਦੇ ਦੋ ਦਿਨਾ ਦੌਰੇ ’ਤੇ ਨਵੀਂ ਦਿੱਲੀ ਪੁੱਜੇ
ਨਵੀਂ ਦਿੱਲੀ, 24 ਜੁਲਾਈ
ਬ੍ਰਿਟੇਨ ਦੇ ਵਿਦੇਸ਼ ਸਕੱਤਰ ਡੇਵਿਡ ਲੈਮੀ ਬੁੱਧਵਾਰ ਨੂੰ ਭਾਰਤ ਦਾ ਦੋ ਦਿਨਾ ਦੌਰੇ ’ਤੇ ਨਵੀਂ ਦਿੱਲੀ ਪੁੱਜ ਗਏ ਹਨ। ਉਨ੍ਹਾ ਵਪਾਰ ਸਮਝੌਤੇ ਲਈ ਗੱਲਬਾਤ ਨੂੰ ਤੇਜ਼ ਕਰਨ ਅਤੇ ਸਵੱਛ ਊਰਜਾ, ਨਵੀਂ ਤਕਨਾਲੋਜੀ ਅਤੇ ਸੁਰੱਖਿਆ ਵਰਗੇ ਅਹਿਮ ਖੇਤਰਾਂ ਵਿੱਚ ਸਮੁੱਚੀ ਦੁਵੱਲੀ ਭਾਈਵਾਲੀ ਨੂੰ ਮੁੜ ਸਥਾਪਿਤ ਕਰਨ ਲਈ ਇਹ ਦੌਰਾ ਕੀਤਾ ਹੈ। 5 ਜੁਲਾਈ ਨੂੰ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਲੇਬਰ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਬ੍ਰਿਟੇਨ ਦੇ ਵਿਦੇਸ਼ ਸਕੱਤਰ ਦੀ ਇਹ ਨਵੀਂ ਦਿੱਲੀ ਦੀ ਪਹਿਲੀ ਫੇਰੀ ਹੈ। ਇਸ ਨਾਲ ਭਾਰਤ ਅਤੇ ਯੂਕੇ ਦਰਮਿਆਨ ਵਪਾਰ ਦੇ ਨਵੇਂ ਰਸਤੇ ਖੁੱਲ੍ਹਣ ਦੀ ਆਸ ਹੈ। ਲੈਮੀ ਨੇ ਕਿਹਾ, ‘‘ਭਾਰਤ 21ਵੀਂ ਸਦੀ ਦੀ ਉੱਭਰਦੀ ਮਹਾਂਸ਼ਕਤੀ ਹੈ, 1.4 ਬਿਲੀਅਨ ਲੋਕਾਂ ਦੇ ਨਾਲ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਅਤੇ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਵਿੱਚੋਂ ਇੱਕ ਹੈ।’’ ਉਨ੍ਹਾਂ ਕਿਹਾ, ‘‘ਸਾਡੀ ਮੁਕਤ ਵਪਾਰ ਸਮਝੌਤੇ ਸਬੰਧੀ ਗੱਲਬਾਤ ਦੀ ਕੋਈ ਹੱਦ ਨਹੀਂ ਹੈ ਇਸ ਦੇ ਨਾਲ ਹੀ ਸਾਂਝੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਅਤੇ ਬੰਗਲੌਰ ਤੋਂ ਬਰਮਿੰਘਮ ਤੱਕ ਵਿਕਾਸ ਪ੍ਰਦਾਨ ਕਰਨ ਦੀਆਂ ਸਾਡੀਆਂ ਇੱਛਾਵਾਂ ਦੀ ਵੀ ਕੋਈ ਸੀਮਾ ਨਹੀਂ ਹੈ।’’ -ਪੀਟੀਆਈ