ਦੇਸ਼ ਦੀ ਵੰਡ ਲਈ ਬਰਤਾਨਵੀ ਸਾਮਰਾਜ ਜ਼ਿੰਮੇਵਾਰ: ਇਸ਼ਤਿਆਕ ਅਹਿਮਦ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 3 ਜੂਨ
ਪਾਕਿਸਤਾਨੀ ਪੰਜਾਬ ਦੇ ਨਾਮਵਰ ਲੇਖਕ ਇਸ਼ਤਿਆਕ ਅਹਿਮਦ ਨੇ ਅੱਜ ਕਿਹਾ ਕਿ 1947 ਦੀ ਵੰਡ ਲਈ ਮੁੱਖ ਤੌਰ ‘ਤੇ ਬਰਤਾਨਵੀ ਸਾਮਰਾਜ ਦੀ ਹਕੂਮਤ ਜ਼ਿੰਮੇਵਾਰ ਹੈ। ਉਹੀ ਚਾਹੁੰਦੀ ਸੀ ਕਿ ਦੇਸ਼ ਦੀ ਵੰਡ ਕਤਿੀ ਜਾਵੇ। ਪੰਜਾਬ ਪ੍ਰੈਸ ਕਲੱਬ ਵੱਲੋਂ ਇਸ਼ਤਿਆਕ ਅਹਿਮਦ ਨਾਲ ਕਰਵਾਈ ਵਿਸ਼ੇਸ਼ ਮਿਲਣੀ ਸਮੇਂ ਉਨ੍ਹਾਂ ਕਿਹਾ ਕਿ ਜਿੱਥੇ ਬਰਤਾਨਵੀ ਹਕੂਮਤ ਦੇਸ਼ ਦੇ ਟੋਟੇ ਕਰਨਾ ਚਾਹੁੰਦੀ ਸੀ ਉਥੇ ਦੇਸ਼ ਦੇ ਕਈ ਰਾਜਸੀ ਆਗੂ ਵੀ ਇਸ ਦੇ ਹੱਕ ਵਿੱਚ ਸਨ। ਉਨ੍ਹਾਂ ਮੁਸਲਿਮ ਲੀਗ ਦੇ ਆਗੂ ਮੁਹੰਮਦ ਅਲੀ ਜਿਨਾਹ ਬਾਰੇ ਲਿਖੀ ਪੁਸਤਕ ਵਿੱਚ ਬਹੁਤ ਸਾਰੇ ਖੁਲਾਸੇ ਕੀਤੇ ਹਨ। ਇਸ਼ਤਿਆਕ ਅਹਿਮਦ ਨੇ ਕਿਹਾ ਕਿ ਇਸ ਪੁਸਤਕ ਨੂੰ ਪ੍ਰਮਾਣਿਕ ਬਣਾਉਣ ਲਈ ਉਨ੍ਹਾਂ ਨੂੰ ਕਈ ਸਾਲ ਮਿਹਨਤ ਕਰਨੀ ਪਈ ਸੀ। ਉਹ ਅਮਰੀਕਾ, ਇੰਗਲੈਂਡ ਤੇ ਕੈਨੇਡਾ ਸਮੇਤ ਯੂਰਪ ਦੇ ਕਈ ਦੇਸ਼ਾਂ ਵਿੱਚ ਗਏ ਸਨ। ਉਨ੍ਹਾਂ ਆਪਣੀ ਕਿਤਾਬ ‘ਲਹੂ -ਲੁਹਾਣ, ਵੰਡਿਆ, ਵੱਢਿਆ -ਟੁੱਕਿਆ ਪੰਜਾਬ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੇਸ਼ ਦੀ ਵੰਡ ਸਮੇਂ ਬਹੁਤ ਸਾਰਾ ਲਹੂ ਵਗਿਆ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਬਹੁਪੱਖੀ ਸੰਕਟਾਂ ਵਿੱਚ ਘਿਰਿਆ ਹੋਇਆ ਹੈ।ਉਹ ਇਸ ਸੰਕਟ ਵਿੱਚੋਂ ਭਾਰਤ ਨਾਲ ਵਪਾਰ ਸ਼ੁਰੂ ਕਰਕੇ ਹੀ ਨਿਕਲ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ਼ਤਿਆਕ ਅਹਿਮਦ ਨੂੰ ਪਾਕਿਸਤਾਨ ਵਿੱਚ ਹੀ ਅਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਸੀ ਜਦੋਂ ਉਨ੍ਹਾਂ ਨੇ ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾਹ ਨੂੰ ਵੰਡ ਲਈ ਜ਼ਿੰਮੇਵਾਰ ਮੰਨਿਆ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਭਾਰਤ ਦਾ ਵਪਾਰ ਖੁੱਲ੍ਹਣਾ ਚਾਹੀਦਾ ਹੈ।