ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਵੱਲੋਂ ਕੁਰੂਕਸ਼ੇਤਰ ਵਿੱਚ ਮਨੋਜ ਕੁਮਾਰ ਬਾਕਸਿੰਗ ਅਕੈਡਮੀ ਦਾ ਦੌਰਾ
ਟ੍ਰਿਬਿਊਨ ਨਿਊਜ਼ ਸਰਵਿਸ
ਕੁਰੂਕਸ਼ੇਤਰ, 20 ਸਤੰਬਰ
ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਕੈਰੋਲਿਨ ਰੋਵੇਟ ਅਤੇ ਰਾਜਿੰਦਰ ਨਾਗਰਕੋਟੀ, ਸਿਆਸੀ, ਪ੍ਰੈਸ ਅਤੇ ਪ੍ਰੋਜੈਕਟ ਸਲਾਹਕਾਰ, ਬ੍ਰਿਟਿਸ਼ ਹਾਈ ਕਮਿਸ਼ਨ ਨੇ ਵੀਰਵਾਰ ਨੂੰ ਕੁਰੂਕਸ਼ੇਤਰ ਵਿੱਚ ਮਨੋਜ ਕੁਮਾਰ ਬਾਕਸਿੰਗ ਅਕੈਡਮੀ ਦਾ ਦੌਰਾ ਕੀਤਾ। ਓਲੰਪੀਅਨ ਤੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜੇਤੂ ਮੁੱਕੇਬਾਜ਼ ਮਨੋਜ ਕੁਮਾਰ ਤੇ ਮੁੱਕੇਬਾਜ਼ੀ ਕੋਚ ਰਾਜੇਸ਼ ਕੁਮਾਰ ਰਾਜੌਂਦ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਫੇਰੀ ਦੌਰਾਨ ਪਤਵੰਤਿਆਂ ਨੇ ਅਕੈਡਮੀ ਦੇ ਨੌਜਵਾਨ ਮੁੱਕੇਬਾਜ਼ਾਂ ਨਾਲ ਗੱਲਬਾਤ ਕੀਤੀ ਅਤੇ ਭਵਿੱਖ ਦੇ ਮੁੱਕੇਬਾਜ਼ੀ ਟੂਰਨਾਮੈਂਟਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਹ ਦੌਰਾ ਉਬਰਦੇ ਅਥਲੀਟਾਂ ਲਈ ਪ੍ਰੇਰਨਾ ਸਰੋਤ ਸੀ। ਕੋਚ ਰਾਜੇਸ਼ ਕੁਮਾਰ ਰਾਜੌਂਦ ਨੇ ਕਿਹਾ, "ਬਰਤਾਨਵੀ ਵਫ਼ਦ ਦੀ ਮੇਜ਼ਬਾਨੀ ਕਰਕੇ ਮਾਣ ਮਹਿਸੂਸ ਕਰ ਰਹੇ ਹਾਂ। ਉਨ੍ਹਾਂ ਦੀ ਮੌਜੂਦਗੀ ਪ੍ਰੇਰਨਾ ਦਾ ਕੰਮ ਕਰਦੀ ਹੈ, ਜੋ ਸਾਨੂੰ ਆਪਣੇ ਯਤਨਾਂ ਨੂੰ ਜਾਰੀ ਰੱਖਣ ਲਈ ਪ੍ਰੇਰਿਤ ਕਰਦੀ ਹੈ।" ਅਰਜੁਨ ਅਤੇ ਭੀਮ ਐਵਾਰਡੀ ਮੁੱਕੇਬਾਜ਼ ਮਨੋਜ ਕੁਮਾਰ ਨੇ ਡਿਪਟੀ ਹਾਈ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਕਿਹਾ, "ਉਨ੍ਹਾਂ ਦਾ ਸਮਰਥਨ ਅਤੇ ਹੌਸਲਾ ਮੇਰੇ ਲਈ ਅਤੇ ਸਾਡੇ ਸਾਰੇ ਚਾਹਵਾਨ ਮੁੱਕੇਬਾਜ਼ਾਂ ਲਈ ਬਹੁਤ ਮਾਇਨੇ ਰੱਖਦਾ ਹੈ। ਅਸੀਂ ਇਕੱਠੇ ਮਿਲ ਕੇ ਚੈਂਪੀਅਨਾਂ ਦੀ ਅਗਲੀ ਪੀੜ੍ਹੀ ਨੂੰ ਤਿਆਰ ਕਰਨ ਲਈ ਵਚਨਬੱਧ ਹਾਂ।" ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਦਾ ਇਹ ਦੌਰਾ ਖੇਡਾਂ ਦੇ ਵਿਕਾਸ ਅਤੇ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਖੇਡਾਂ ਦੇ ਖੇਤਰ ਵਿੱਚ ਯੂਕੇ ਅਤੇ ਭਾਰਤ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਦਾ ਹੈ।