ਬ੍ਰਿਟਿਸ਼ ਕੋਲੰਬੀਆ ਦੇ ਵਣਜ ਮੰਤਰੀ ਜਗਰੂਪ ਬਰਾੜ ਦਾ ਜੱਦੀ ਵਿੱਚ ਨਿੱਘਾ ਸਵਾਗਤ
ਮਨੋਜ ਸ਼ਰਮਾ
ਬਠਿੰਡਾ, 13 ਦਸੰਬਰ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਣਜ ਮੰਤਰੀ ਪਿੰਡ ਦਿਉਣ ਦੇ ਜੰਮਪਲ ਜਗਰੂਪ ਸਿੰਘ ਬਰਾੜ ਦਾ ਅੱਜ ਪਿੰਡ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਉਹ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੇ ਪਿੰਡ ਆਏ ਹਨ। ਦਿਉਣ ਕਲੱਬ ਦੇ ਸਕੱਤਰ ਸੁਰਿੰਦਰ ਪਾਲ ਆਹੂਜਾ ਅਤੇ ਸਰਬੱਤ ਦਾ ਭਲਾ ਟਰੱਸਟ ਬਠਿੰਡਾ ਪ੍ਰਧਾਨ ਪ੍ਰੋਫੈਸਰ ਜੇ. ਐਸ ਬਰਾੜ ਦੀ ਅਗਵਾਈ ਹੇਠ ਸ੍ਰੀ ਬਰਾੜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਗੀਤਕਾਰ ਅਲਬੇਲ ਬਰਾੜ ਦਿਉਣ ਵਾਲਾ, ਪ੍ਰੋਫੈਸਰ ਜੇਐਸ ਬਰਾੜ, ਸੁਰਿੰਦਰ ਪਾਲ ਆਹੂਜਾ ਨੇ ਕਿਹਾ ਕਿ ਜਗਰੂਪ ਸਿੰਘ ਬਰਾੜ ਨੇ ਜਿਥੇ ਖੇਡਾਂ ਵਿੱਚ ਦਿਉਣ ਪਿੰਡ ਦਾ ਨਾਮ ਕੌਮੀ ਪੱਧਰ ’ਤੇ ਚਮਕਾਇਆ ਸੀ ਉੱਥੇ ਕੈਨੇਡਾ ਵਿੱਚ ਮੰਤਰੀ ਬਣ ਕੇ ਉਨ੍ਹਾਂ ਦਾ ਮਾਣ ਵਧਾਇਆ ਹੈ। ਇਸ ਮੌਕੇ ਜਗਰੂਪ ਸਿੰਘ ਬਰਾੜ ਨੇ ਪਿੰਡ ਦੇ ਲੋਕਾਂ ਨਾਲ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ। ਉਨ੍ਹਾਂ ਭਾਵੁਕ ਹੁੰਦਿਆਂ ਆਪਣੇ ਮਾਂ-ਬਾਪ ਨੂੰ ਯਾਦ ਕਰਦਿਆਂ ਪਿੰਡ ਅਤੇ ਬਠਿੰਡਾ ਨਾਲ ਜੁੜੀਆਂ ਬਹੁਤ ਸਾਰੀਆਂ ਯਾਦਾਂ ਤਾਜ਼ਾ ਕੀਤੀਆਂ। ਉਨ੍ਹਾਂ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸ ਨੂੰ ਆਪਣੇ ਪਿੰਡ ’ਤੇ ਮਾਣ ਹੈ। ਉਨ੍ਹਾਂ ਆਖਿਆ ਕਿ ਪਿੰਡ ਦੇ ਲੋਕ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਪਿੰਡ ਦੇ ਵਿਕਾਸ ਕਾਰਜ ਕਰਵਾਉਣ।
ਸ੍ਰੀ ਬਰਾੜ ਨੇ ਕਿਹਾ ਕਿ ਕੈਨੇਡਾ ਦੀ ਸਿੱਖਿਆ ਪ੍ਰਣਾਲੀ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਬਰਾਬਰੀ ਦਾ ਮੌਕਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਕਾਲਜ ਟਰੇਡ ਸਿੱਖਿਆ ਲਈ ਉੱਥੋਂ ਦੀਆਂ ਯੂਨੀਵਰਸਿਟੀ ਨਾਲ ਸਮਝੌਤਾ ਕਰਨ ਤਾਂ ਉਹ ਇਸ ਸਵਾਗਤ ਕਰਨਗੇ। ਉਨ੍ਹਾਂ ਕਿਹਾ ਕੈਨੇਡਾ ਵਿੱਚ ਸਿਆਸਤ ਅਫਸਰਸ਼ਾਹੀ ’ਤੇ ਭਾਰੂ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕੋਈ ਸੁਰੱਖਿਆ ਛਤਰੀ ਨਹੀਂ ਅਤੇ ਉਹ ਆਮ ਵਾਂਗ ਵਿਧਾਨ ਸਭਾ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਜ਼ਿਲ੍ਹੇ ਦਾ ਕੋਈ ਵੀ ਵਿਅਕਤੀ ਬ੍ਰਿਟਿਸ਼ ਕੋਲੰਬੀਆ ਆਵੇ ਤਾਂ ਉਹ ਉਸ ਨੂੰ ਵਿਧਾਨ ਸਭਾ ਦਿਖਾਉਣਗੇ।