ਬ੍ਰਿਟਿਸ਼ ਬੌਰਨ
ਹਰੀ ਕ੍ਰਿਸ਼ਨ ਮਾਇਰ
ਰਿਸ਼ਤਾ ਸੁਲਝਾਉਣ ਦੇ ਯਤਨਾਂ ਨੂੰ ਕੁਝ ਬੂਰ ਪਿਆ ਸੀ। ਕੁੜੀ ਵਾਲਿਆਂ ਨੇ ਗੌਤਮ ਅਤੇ ਉਸ ਦੇ ਮਾਪਿਆਂ ਨੂੰ ਸ਼ਿਮਲੇ ਮਿਲਣ ਲਈ ਸੱਦਿਆ ਸੀ। ਸ਼ਿਮਲੇ ਪਤਾ ਨਹੀਂ ਉਨ੍ਹਾਂ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਰਹਿੰਦਾ ਹੋਣਾ। ਕੁੜੀ ਵਾਲੇ ਇੰਗਲੈਂਡ ਵਿੱਚ ਸਾਊਥ ਹਾਲ ਤੋਂ ਸਨ। ਉਹ ਪੰਜਾਬ ਵਿੱਚ ਰਹਿੰਦੇ ਆਪਣੇ ਬੁੱਢੇ ਮਾਂ-ਬਾਪ ਨੂੰ ਮਿਲਣ ਆਏ ਸਨ। ਗੌਤਮ ਇੰਗਲੈਂਡ ਦੀ ਯੂਨੀਵਰਸਿਟੀ ਆਫ ਵੇਲਜ਼, ਕਾਰਡਿਫ ਤੋਂ ਐੱਮ.ਬੀ.ਏ. ਦੀ ਪੜ੍ਹਾਈ ਕਰਨ ਗਿਆ ਸੀ। ਪੜ੍ਹਾਈ ਖਤਮ ਹੋਣ ਦੇ ਨੇੜੇ ਜਾ ਕੇ, ਵਿਚਾਲੇ ਰਿਸ਼ਤੇਦਾਰਾਂ ਨੇ ਗੌਤਮ ਦਾ ਵਿਆਹ ਕਰਨ ਲਈ ਉਸ ਦੇ ਮਾਂ-ਬਾਪ ਤੋਂ ਰਸਮੀ ਹਾਂ ਕਹਾ ਲਈ ਸੀ। ਕਾਹਲੀ ਵਿੱਚ ਰਮਨ ਨੇ ਗੌਤਮ ਨਾਲ ਆਪਣੀ ਕੁੜੀ ਦੀ ਕੋਰਟ ਮੈਰਿਜ ਵੀ ਕਰਵਾ ਦਿੱਤੀ ਸੀ। ਗੌਤਮ ਦੇ ਮਾਂ-ਬਾਪ ਨੇ ਤਾਂ ਸਿਰਫ਼ ਕੋਰਟ ਮੈਰਿਜ ਦੀਆਂ ਫੋਟੋਆਂ ਹੀ ਦੇਖੀਆਂ ਸਨ। ਪੱਕੇ ਹੋਣ ਦੇ ਲਾਲਚ ਵਿੱਚ ਗੌਤਮ ਦੇ ਘਰਦਿਆਂ ਨੇ ਕੁੜੀ ਦੇ ਮੋਟੀ ਪਤਲੀ, ਪੜ੍ਹੀ ਨਾ ਪੜ੍ਹੀ, ਦਿਮਾਗ਼ੀ ਪੱਧਰ ਦੇ ਮੇਲ ਬਾਰੇ ਕੁਝ ਨਹੀਂ ਸੀ ਸੋਚਿਆ। ਬਾਕੀ ਰਿਸ਼ਤਾ ਰਿਸ਼ਤੇਦਾਰੀ ’ਚੋਂ ਸੀ। ਉਨ੍ਹਾਂ ਸੋਚਿਆ, ‘‘ਕੁਝ ਤਾਂ ਸ਼ਰਮ ਕਰਨਗੇ ਹੀ।”
ਮੁੜਨਾ ਹੀ ਪੈਣਾ ਸੀ ਜਾਂ ਤਾਂ ਵੀਜ਼ਾ ਹੋਰ ਅੱਗੇ ਵਧਾਉਂਦੇ। ਗੌਤਮ ਇੰਗਲੈਂਡ ਵਿੱਚ ਪੜ੍ਹਾਈ ਪੂਰੀ ਕਰਨ ਉਪਰੰਤ ਉੱਥੇ ਹੀ ਪੱਕਾ ਹੋਣ ਦੇ ਸੁਪਨੇ ਮਨ ਵਿੱਚ ਸਮੇਟ ਕੇ ਭਾਰਤ ਵਾਪਸ ਮੁੜ ਆਇਆ। ਲੜਾਈ ਤਾਂ ਸ਼ੁਰੂ ਵਿੱਚ ਹੀ ਹੋ ਜਾਣੀ ਸੀ, ਪਰ ਵਿੱਚੋਂ ਵਿੱਚੀਂ ਰਿਸ਼ਤੇਦਾਰੀ ਵਿੱਚੋਂ ਹੋਣ ਕਰਕੇ ਬਚਾਓ ਹੁੰਦਾ ਰਿਹਾ। ਪਰ ਕੁੜੀ ਵਾਲਿਆਂ ਨੂੰ ਵਿਚਲੇ ਰਿਸ਼ਤੇ ਦਾ ਕੋਈ ਡਰ ਭੈਅ ਨਹੀਂ ਸੀ। ਉਨ੍ਹਾਂ ਦੀ ਰਿਸ਼ਤੇਦਾਰੀ ਵਿੱਚ ਗੌਤਮ ਦੀ ਭੈਣ ਵਿਆਹੀ ਹੋਈ ਸੀ।
ਗੌਤਮ ਦੇ ਪੜ੍ਹਾਈ ਪੂਰੀ ਕਰਨ ਤੋਂ ਤੁਰੰਤ ਬਾਅਦ ਰਮਨ ਨੇ ਆਪਣੀ ਸਕੂਲ ਪਾਸ ਕਾਫ਼ੀ ਮੋਟੀ ਕੁੜੀ ਗੌਤਮ ਨਾਲ ਵਿਆਹ ਦਿੱਤੀ ਸੀ। ਹੋ ਸਕਦਾ ਕਿ ਉਨ੍ਹਾਂ ਦੇ ਮਨ ਵਿੱਚ ਇਹ ਸੋਚ ਹੋਵੇ ਕਿ ਗੌਤਮ ਦੀ ਭੈਣ ਸਾਡੇ ਘਰ ਹੈ, ਅਸੀਂ ਧੱਕੇ ਨਾਲ ਆਪਣੀ ਕੁੜੀ ਨੂੰ ਗੌਤਮ ਨਾਲ ਵਸਾ ਲਵਾਂਗੇ। ਬ੍ਰਿਟਿਸ਼ ਬੌਰਨ ਮਿੰਨੀ ਦੀ ਇਸ ਕੋਰਟ ਮੈਰਿਜ ਦੇ ਸੰਖੇਪ ਜਸ਼ਨ ਵਿੱਚ ਨਾ ਗੌਤਮ ਦਾ ਪਿਉ ਸ਼ਾਮਲ ਹੋਇਆ ਸੀ, ਨਾ ਮਾਂ ਅਤੇ ਨਾ ਉਸ ਦੀ ਭੈਣ। ਭੋਲੇ ਭਾਲੇ ਲੋਕ ਦਿੱਤੀ ਜ਼ੁਬਾਨ ਦੇ ਬੋਝ ਥੱਲੇ ਹੀ ਠੱਗੇ ਜਾਂਦੇ ਹਨ, ਪਰ ਧੋਖੇਵਾਜ਼ ਲੋਕ ਸੌ ਵਾਰ ਦਿੱਤੀ ਜ਼ੁਬਾਨ ਵਿੱਚ ਆਪਣੀ ਮਰਜ਼ੀ ਮੁਤਾਬਿਕ ਰੱਦੋ-ਬਦਲ ਕਰ ਲੈਂਦੇ ਹਨ।
ਸੋ ਗੌਤਮ ਤੇ ਉਸ ਦੇ ਮੰਮੀ-ਡੈਡੀ ਟੈਕਸੀ ਕਰਕੇ ਲੁਧਿਆਣੇ ਤੋਂ ਸ਼ਿਮਲੇ ਪਹੁੰਚ ਗਏ ਸਨ। ਉੱਥੇ ਹੋਟਲ ਵਿੱਚ ਠਹਿਰਨ ਲਈ ਕਮਰਾ ਲੈ ਲਿਆ। ਮੀਂਹ ਪੈ ਰਿਹਾ ਸੀ। ਦੇਰ ਰਾਤ ਤੀਕ ਗੌਤਮ ਅਤੇ ਉਸ ਦੇ ਮਾਤਾ ਪਿਤਾ ਗੱਲਾਂ ਕਰਦੇ ਰਹੇ।
ਦੂਜੇ ਦਨਿ, ਦਨਿ ਚੜ੍ਹਿਆ ਤਾਂ ਮਿੰਨੀ ਦੇ ਡੈਡੀ ਦਾ ਫੋਨ ਆ ਗਿਆ, ‘‘ਅਸੀਂ ਦੁਪਹਿਰ ਤੋਂ ਬਾਅਦ ਤੁਹਾਡੇ ਕੋਲ ਆਵਾਂਗੇ। ਮੈਂ, ਮਿੰਨੀ ਅਤੇ ਉਸ ਦੀ ਦਾਦੀ ਨਾਲ ਆਵੇਗੀ।” ਉਹ ਸਹੀ ਸਮੇਂ ’ਤੇ ਹੋਟਲ ਆ ਗਏ ਸਨ। ਗੌਤਮ ਗੇਟ ਤੋਂ ਉਨ੍ਹਾਂ ਨੂੰ ਕਮਰੇ ਵਿੱਚ ਲੈ ਆਇਆ। ਕੁਝ ਬੰਦੇ ਬੈੱਡ ’ਤੇ ਬੈਠ ਗਏ ਅਤੇ ਕੁਝ ਕੁਰਸੀਆਂ ’ਤੇ। ਚੁੱਪ ਤੋੜਦਿਆਂ ਕੁੜੀ ਦੇ ਪਿਉ ਰਮਨ ਨੇ ਗੱਲ ਤੋਰੀ, ‘‘ਸਾਡੀ ਕੁੜੀ ਦੇ ਮਨ ਵਿੱਚ ਕਈ ਸ਼ੰਕੇ ਹਨ। ਉਸ ਦੇ ਕੁਝ ਸਵਾਲਾਂ ਦੇ ਜੁਆਬ ਤੁਹਾਨੂੰ ਦੇਣੇ ਪੈਣੇ ਹਨ। ਜੇ ਤੁਹਾਨੂੰ ਮਨਜ਼ੂਰ ਹੈ ਤਾਂ ਅੱਗੇ ਗੱਲਬਾਤ ਸ਼ੁਰੂ ਕਰੀਏ?”
ਗੌਤਮ ਦੇ ਮਾਪਿਆਂ ਨੇ ਹਾਂ ਵਿੱਚ ਸਿਰ ਹਿਲਾਏ। ਕੁੜੀ ਨੇ ਝੱਟ ਬੋਲਣਾ ਸ਼ੁਰੂ ਕਰ ਦਿੱਤਾ, ‘‘ਮੇਰਾ ਪਹਿਲਾ ਸਵਾਲ ਹੈ, ਆਪਸ ਵਿੱਚ ਲੜਾਈ ਝਗੜਾ ਹੋਣ ਤੇ ਗੌਤਮ ਮੈਨੂੰ ਛੱਡ ਕੇ ਤਾਂ ਨਹੀਂ ਚਲਾ ਜਾਵੇਗਾ?” ਗੌਤਮ ਦੇ ਮਾਂ-ਬਾਪ ਨੇ ਵਿਸ਼ਵਾਸ ਦੁਆਇਆ, ‘‘ਇਸ ਤਰ੍ਹਾਂ ਕਦੀ ਵੀ ਨਹੀਂ ਹੋਵੇਗਾ।’’ ਕੁੜੀ ਸਵਾਲ ’ਤੇ ਸਵਾਲ ਕਰਦੀ ਗਈ:
“ਕੱਲ ਨੂੰ ਬੱਚਾ ਹੋਣ ਦੀ ਸੂਰਤ ਵਿੱਚ ਤੁਸੀਂ ਮੇਰਾ ਸਾਥ ਦਿਉਗੇ?”
“ਮੈਂ ਕੰਮ ਕਰਾਂ ਚਾਹੇ ਨਾ ਗੌਤਮ ਦੀ ਮਾਂ ਮੈਨੂੰ ਕੁਝ ਨਹੀਂ ਕਹੇਗੀ (ਯਾਨੀ ਕਿ ਰੋਟੀ ਪਾਣੀ, ਭਾਂਡਾ ਟੀਂਡਾ ਮੁੰਡੇ ਦੀ ਮਾਂ ਹੀ ਕਰਿਆ ਕਰੇਗੀ ਅਤੇ ਕੁੜੀ ਬੈਠ ਕੇ ਭੋਜਨ ਛਕੇਗੀ।)
“ਸਾਡੀ ਕਿਸੇ ਦੀ ਗੱਲਬਾਤ ਵਿੱਚ ਗੌਤਮ ਦੇ ਮਾਂ-ਬਾਪ ਦਾ ਕੋਈ ਦਖਲ ਨਹੀਂ ਹੋਵੇਗਾ।”
ਜੇ ਕਿਤੇ ਕੁੜੀ ਬੋਲਣੋਂ ਰੁਕ ਜਾਂਦੀ ਤਾਂ ਉਸ ਸਮੇਂ ਵਿੱਚ ਕੁੜੀ ਦਾ ਬਾਪ ਰਮਨ ਪਹਿਲਾ ਕੀਤੇ ਸਵਾਲਾਂ ਨੂੰ ਹੋਰ ਵਿਸਥਾਰ ਵਿੱਚ ਸਮਝਾਉਣ ਲੱਗ ਪੈਂਦਾ।
ਜਦੋਂ ਸਵਾਲ ਮੁੱਕ ਗਏ ਤਾਂ ਕੁੜੀ ਦਾ ਪਿਓ ਬੋਲਿਆ, ‘‘ਤੁਹਾਨੂੰ ਸਾਡੀਆਂ ਇਹ ਸ਼ਰਤਾਂ ਮਨਜ਼ੂਰ ਨੇ?”
ਗੌਤਮ ਤੇ ਉਸ ਦੇ ਮਾਂ-ਬਾਪ ਨੇ ਹਾਂ ਵਿੱਚ ਸਿਰ ਹਿਲਾਏ। ਕੁੜੀ ਅਸਿੱਧੇ ਰੂਪ ਵਿੱਚ ਮੁੰਡੇ ਦੇ ਮਾਂ-ਬਾਪ ਤੋਂ ਪੱਲਾ ਝਾੜ ਰਹੀ ਸੀ ਤੇ ਗੌਤਮ ਨੂੰ ਇੱਕ ਖਰੀਦੀ ਵਸਤੂ ਵਾਂਗ ਲੈ ਰਹੀ ਸੀ। ਫੇਰ ਗੌਤਮ ਦੇ ਡੈਡੀ ਨੂੰ ਕੁੜੀ ਦਾ ਪਿਉ ਬਰਾਂਡੇ ਵਿੱਚ ਇੱਕ ਪਾਸੇ ਨੂੰ ਲੈ ਗਿਆ। ਕਹਿੰਦਾ, ‘‘ਤੁਸੀਂ ਮੁੰਡੇ ਦਾ ਟੈਸਟ ਕਰਾਇਆ?’’ ਉਹ ਬੋਲਿਆ,‘‘ਕਿਹੜਾ?”
“ਆਹੀ ਜਿਹੜਾ ਬੱਚਾ ਜੰਮਣ ਦਾ ਹੁੰਦਾ ਹੈ।”
ਉਹ ਬੋਲਿਆ,‘‘ਹਾਂ ਕਰਾਇਆ।”
ਉਹ ਕਹਿੰਦਾ,‘‘ਸਕੈਨ ਕਰਕੇ ਮੈਨੂੰ ਭੇਜਿਉ।”
ਫਿਰ ਡੈਡੀ-ਮੰਮੀ ਨੂੰ ਕਮਰੇ ਤੋਂ ਬਾਹਰ ਭੇਜ ਕੇ ਗੌਤਮ ਨੂੰ ਕਹਿਣ ਲੱਗਾ, ‘‘ਦੇਖ ਬਈ ਗੌਤਮ ਆਪਣੇ ਪਹਿਲੇ ਗੁਨਾਹਾਂ ਦੀ ਮਿੰਨੀ ਤੋਂ ਮੁਆਫ਼ੀ ਮੰਗ ਲੈ। ਸਭ ਕੁਝ ਠੀਕ ਹੋ ਜਾਵੇਗਾ।”
“ਗੁਨਾਹ ਤਾਂ ਮੈਂ ਕੋਈ ਨਹੀਂ ਕੀਤਾ।” ਗੌਤਮ ਨੇ ਕਿਹਾ।
‘‘ਸੋਚ ਲੈ!’’ ਰਮਨ ਬੋਲਿਆ।
ਗੌਤਮ ਨੇ ਆਪਣੇ ਨਾਲ ਹੋਏ ਧੱਕੇ ਨੂੰ ਭੁੱਲ ਭੁਲਾ ਕੇ ਸਬੰਧ ਸੁਧਾਰਨ ਖ਼ਾਤਰ ਕਹਿ ਦਿੱਤਾ, ‘‘ਮਿੰਨੀ ਮੈਂ ਸੌਰੀ ਆਂ।”
ਮਿੰਨੀ ਦਾ ਬਾਪ ਗੌਤਮ ਨੂੰ ਕੁੜੀ ਦੇ ਪੈਰੀਂ ਪਾਉਣਾ ਚਾਹੁੰਦਾ ਸੀ। ਮੁੰਡੇ ਦੇ ਮਾਂ-ਬਾਪ ਨੂੰ ਪਰੇ ਕੱਢ ਕੇ ਉਹ ’ਕੱਲੇ ਮੁੰਡੇ ਨੂੰ ਕੁੜੀ ਦੀਆਂ ਲੇਲੜੀਆਂ ਕਢਾਉਣਾ ਚਾਹੁੰਦਾ ਸੀ।
ਗੌਤਮ ਦਾ ਡੈਡੀ ਅਚਾਨਕ ਆਪਣੇ ਬੇਟੇ ਨੂੰ ਇਕੱਲਾ ਦੇਖ ਕੇ ਕਮਰੇ ਅੰਦਰ ਆ ਗਿਆ। ਉਸ ਨੂੰ ਦੇਖ ਕੇ ਰਮਨ ਤਾਂ ਭੜਕ ਪਿਆ ਕਹਿੰਦਾ, ‘‘ਤੁਹਾਡਾ ਇੱਥੇ ਕੀ ਕੰਮ?”
ਉਸ ਨੇ ਕਿਹਾ,‘‘ਮੈਂ ਬਾਪ ਹਾਂ ਗੌਤਮ ਦਾ। ਤੁਸੀਂ ਬਨਿਾਂ ਵਜ੍ਹਾ ਮੁੰਡੇ ਨੂੰ ਕੁੜੀ ਅੱਗੇ ਨੀਵਾਂ ਦਿਖਾ ਰਹੇ ਹੋ। ਐਨੀਆਂ ਸ਼ਰਤਾਂ ਨਾਲ ਤੁਹਾਨੂੰ ਸਬਰ ਨਹੀਂ ਆਇਆ। ਅਸੀਂ ਹਾਂ ਹਾਂ ਕਰੀ ਗਏ ਤਾਂ ਕਿ ਇਨ੍ਹਾਂ ਦੀ ਜ਼ਿੰਦਗੀ ਅੱਗੇ ਤੁਰੇ।”
ਗੌਤਮ ਦੇ ਪਿਓ ਨੂੰ ਨਾਲ ਲੈ ਕੇ ਕੁੜੀ ਦਾ ਪਿਉ ਬਾਹਰ ਕੁਰਸੀ ’ਤੇ ਆ ਕੇ ਬੈਠ ਗਿਆ। ਉੱਥੇ ਕੁੜੀ ਦੀ ਦਾਦੀ ਪਹਿਲਾ ਹੀ ਬੈਠੀ ਸੀ। ਮਿੰਨੀ ਦੀ ਦਾਦੀ ਅਤੇ ਪਿਓ ਗੁੱਸੇ ਵਿੱਚ ਬੋਲੇ, ‘‘ਆਪਾਂ ਦੇਵਤਿਆਂ ਦੀ ਭੂਮੀ ’ਤੇ ਬੈਠੇ ਹਾਂ। ਇੱਥੇ ਅੱਜ ਦੇ ਕੀਤੇ ਕੌਲ ਤੁਹਾਨੂੰ ਪੁਗਾਉਣੇ ਪੈਣਗੇ।”
ਗੌਤਮ ਨੂੰ ਇਸ ਤਰ੍ਹਾਂ ਲੱਗਾ ਕਿ ਜਿਵੇਂ ਦੇਵ ਭੂਮੀ ’ਤੇ ਬੈਠ ਕੇ ਰਾਖਸ਼ ਲੋਕ ਆਪਣਾ ਸੁਆਰਥ ਸਿੱਧ ਕਰਨ ਲਈ ਦੇਵਤਿਆਂ ਦਾ ਨਾਂ ਵਰਤ ਰਹੇ ਸਨ।
ਗੌਤਮ ਦੀ ਮਾਂ ਕੁਝ ਮਿੰਟ ਕੁੜੀ ਨੂੰ ਵੀ ਮਿਲੀ। ਕੁੜੀ ਉਸ ਕੋਲੋਂ ਤਾਂ ਕਾਫ਼ੀ ਪ੍ਰਭਾਵਿਤ ਹੋਈ। ਗੌਤਮ ਦੀ ਮਾਂ ਨੇ ਉਨ੍ਹਾਂ ਨੂੰ ਇੰਗਲੈਂਡ ਮੁੜਨ ਤੋਂ ਪਹਿਲਾਂ ਲੁਧਿਆਣੇ ਉਨ੍ਹਾਂ ਦੇ ਘਰ ਹੋ ਕੇ ਜਾਣ ਦਾ ਸੱਦਾ ਵੀ ਦਿੱਤਾ। ਉਸੇ ਦਨਿ ਗੌਤਮ ਹੋਰੀਂ ਸ਼ਿਮਲੇ ਤੋਂ ਲੁਧਿਆਣੇ ਆ ਗਏ ਸਨ। ਮਿੰਨੀ ਤੇ ਉਸ ਦਾ ਬਾਪ ਵੀ ਉਨ੍ਹਾਂ ਦੇ ਘਰ ਆਏ। ਗੌਤਮ ਦੀ ਮਾਂ ਨੇ ਥਾਲੀ ਵਿੱਚ ਦੀਵਾ ਰੱਖ ਕੇ ਉਸ ਕੁੜੀ ਦੀ ਆਰਤੀ ਉਤਾਰੀ। ਉਸ ਨੂੰ ਢੇਰ ਸਾਰੀਆਂ ਅਸੀਸਾਂ ਦੇ ਕੇ ਘਰ ਵਿੱਚ ਅੰਦਰ ਲਿਆਂਦਾ। ਇੱਕ ਘੰਟੇ ਦੀ ਮੀਟਿੰਗ ਵਿੱਚ ਮੁੜ ਰਿਸ਼ਤਾ ਜੁੜ ਜਾਣ ਦੀ ਗੱਲ ’ਤੇ ਸਹਿਮਤੀ ਹੋ ਗਈ। ਇੰਗਲੈਂਡ ਪਹੁੰਚ ਕੇ ਉਨ੍ਹਾਂ ਨੇ ਮੁੰਡੇ ਦਾ ਵੀਜ਼ਾ ਫਿਰ ਤੋਂ ਲਗਾਉਣ ਦਾ ਵਾਅਦਾ ਕੀਤਾ ਸੀ। ਸਭ ਕੁਝ ਠੀਕ ਹੋ ਜਾਣ ਦੇ ਆਸਾਰ ਬਣ ਗਏ ਸਨ। ਫਿਰ ਮਿੰਨੀ ਅਤੇ ਉਸ ਦਾ ਪਿਉ ਰਮਨ ਇੰਗਲੈਂਡ ਚਲੇ ਗਏ। ਪਿੱਛੇ ਇੱਕ ਉਮੀਦ ਛੱਡ ਗਏ ਸਨ। ਨ੍ਹੇਰੇ ਵਿੱਚ ਚਾਨਣ ਦੀ ਲਕੀਰ ਵਰਗੀ।
ਗੌਤਮ ਦੋ ਢਾਈ ਸਾਲ ਪੜ੍ਹਾਈ ਕਰਨ ਪਿੱਛੋਂ ਦੋ ਸਾਲ ਸਪਾਊਸ ਵੀਜ਼ੇ ਨਾਲ ਰਹਿ ਕੇ ਇੰਗਲੈਂਡ ਤੋਂ ਜਦੋਂ ਘਰ ਮੁੜਿਆ ਤਾਂ ਉਹ ਢਹਿੰਦੀ ਕਲਾ ਵਿੱਚ ਚਲਾ ਗਿਆ ਸੀ। ਬ੍ਰਿਟਿ਼ਸ਼ ਬੌਰਨ ਨਾਲ ਸ਼ਾਦੀ ਕਰਕੇ ਉਹ ਇੱਕ ਝਮੇਲੇ ਵਿੱਚ ਫਸ ਗਿਆ ਸੀ। ਪਰ ਆਸ ਦੀ ਇਹ ਜੋਤ ਸਾਡੇ ਮਨ ਵਿੱਚ ਬਹੁਤੀ ਦੇਰ ਤੀਕ ਜਗਦੀ ਨਾ ਰਹੀ। ਗਈ ਰਾਤ ਗੌਤਮ ਦੇ ਫੋਨ ’ਤੇ ਮਿੰਨੀ ਦਾ ਮੈਸੇਜ ਸੀ: ਆਈ ਡੋਂਟ ਫੀਲ ਕੰਮਫਰਟ ਵਿਦ ਯੂ...ਨੋ ਫੀਲਿੰਗ ਫਾਰ ਯੂ, ਗੁੱਡ ਬਾਏ, ਫਾਰ ਐਵਰ।” ਗੌਤਮ ਤੇ ਗੌਤਮ ਦੇ ਪਰਿਵਾਰ ਨੇ ਉਸ ਦੀ ਜ਼ਿੰਦਗੀ ਨੂੰ ਅੱਗੇ ਤੋਰਨ ਦੇ ਜੇ ਮਨਸੂਬੇ ਬਣਾਏ ਸਨ, ਜੋ ਸੁਪਨੇ ਮੁੜ ਤੋਂ ਸਜਾਏ ਸਨ, ਕੁੜੀ ਦੇ ਮੈਸੇਜ ਨੇ ਸਾਰੇ ਢਹਿ ਢੇਰੀ ਕਰ ਦਿੱਤੇ ਸਨ।
ਈਮੇਲ: mayer_hk@yahoo.com