ਬਰਤਾਨੀਆ: ਰਾਜਨਾਥ ਸਿੰਘ ਵੱਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ
ਲੰਡਨ, 9 ਜਨਵਰੀ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕੇਂਦਰੀ ਲੰਡਨ ਦੇ ਟੈਵਿਸਟਾਕ ਸਕੁਏਅਰ ਸਥਿਤ ਮਹਾਤਮਾ ਗਾਂਧੀ ਸਮਾਰਕ ਦੇ ਦੌਰੇ ਨਾਲ ਆਪਣੇ ਬਰਤਾਨੀਆ ਦੇ ਤਿੰਨ ਰੋਜ਼ਾ ਦੌਰੇ ਦੀ ਸ਼ੁਰੂਆਤ ਕੀਤੀ। ਰਾਜਨਾਥ 22 ਸਾਲਾਂ ਵਿੱਚ ਬਰਤਾਨੀਆ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਰੱਖਿਆ ਮੰਤਰੀ ਹਨ। ਇਸ ਤੋਂ ਪਹਿਲਾਂ ਕਿਸੇ ਭਾਰਤੀ ਰੱਖਿਆ ਮੰਤਰੀ ਨੇ ਜਨਵਰੀ 2002 ਵਿੱਚ ਬਰਤਾਨੀਆ ਦਾ ਦੌਰਾ ਕੀਤਾ ਸੀ।
ਇਸੇ ਦੌਰਾਨ ਬਰਤਾਨੀਆ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਈਸਵਾਮੀ ਅਤੇ ਉਨ੍ਹਾਂ ਦੇ ਵਫ਼ਦ ਦੇ ਮੈਂਬਰਾਂ ਨਾਲ ਮਿਲ ਕੇ ਰਾਜਨਾਥ ਸਿੰਘ ਨੇ 20ਵੀਂ ਸਦੀ ਦੇ ਸਮਾਰਕ ’ਤੇ ਰਾਸ਼ਟਰ ਪਿਤਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮਗਰੋਂ ਉਹ ਬਰਤਾਨੀਆ ਦੇ ਆਪਣੇ ਹਮਰੁਤਬਾ ਗ੍ਰਾਂਟ ਸ਼ੈਪਸ ਨਾਲ ਦੁਵੱਲੀ ਮੀਟਿੰਗ ਤੋਂ ਪਹਿਲਾਂ ‘ਹੌਰਸ ਗਾਰਡਜ਼’ ਪਰੇਡ ਵਿੱਚ ਰਸਮੀ ‘ਗਾਰਡ ਆਫ ਆਨਰ’ ਦਾ ਨਿਰੀਖਣ ਕਰਨ ਲਈ ਵ੍ਹਾਈਟਹਾਲ ਪਹੁੰਚੇ। ਇਸ ਮਗਰੋਂ ਦੋਵਾਂ ਆਗੂਆਂ ਨੇ ਰੱਖਿਆ, ਸੁਰੱਖਿਆ ਅਤੇ ਸਨਅਤੀ ਸਹਿਯੋਗ ਦੇ ਵਿਆਪਕ ਮੁੱਦਿਆਂ ’ਤੇ ਚਰਚਾ ਕੀਤੀ। ਇਸ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਦੋ ਸਮਝੌਤੇ ਸਹੀਬੱਧ ਕੀਤੇ ਗਏ। ਪਹਿਲਾ ਸਮਝੌਤਾ ਦੁਵੱਲੇ ਕੌਮਾਂਤਰੀ ਕੈਡਿਟ ਐਕਸਚੇਂਜ ਪ੍ਰੋਗਰਾਮ ਦੇ ਸੰਚਾਲਨ ਬਾਰੇ ਅਤੇ ਦੂਜਾ ਸਮਝੌਤਾ ਡੀਆਰਡੀਓ ਤੇ ਬਰਤਾਨੀਆ ਦੀ ਡੀਐੱਸਟੀਐੱਲ ਵਿਚਾਲੇ ਖੋਜ ਤੇ ਵਿਕਾਸ ਸਬੰਧੀ ਭਾਈਵਾਲੀ ਬਾਰੇ ਹੋਇਆ ਹੈ।ਜ਼ਿਕਰਯੋਗ ਹੈ ਕਿ ਰਾਜਨਾਥ ਸਿੰਘ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ), ਸਰਵਿਸਿਜ਼ ਹੈੱਡਕੁਆਰਟਰ, ਰੱਖਿਆ ਵਿਭਾਗ ਅਤੇ ਰੱਖਿਆ ਉਤਪਾਦਨ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਸਮੇਤ ਰੱਖਿਆ ਮੰਤਰਾਲੇ ਦੇ ਵਫ਼ਦ ਨਾਲ ਤਿੰਨ ਦਿਨਾਂ ਦੇ ਦੌਰੇ ’ਤੇ ਬੀਤੀ ਰਾਤ ਲੰਡਨ ਪਹੁੰਚੇ। ਸ਼ੈਪਸ ਨਾਲ ਗੱਲਬਾਤ ਤੋਂ ਇਲਾਵਾ ਉਹ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਅਤੇ ਵਿਦੇਸ਼ ਮੰਤਰੀ ਡੇਵਿਡ ਕੈਮਰੂਨ ਨਾਲ ਵੀ ਮੁਲਾਕਾਤ ਕਰ ਸਕਦੇ ਹਨ। - ਪੀਟੀਆਈ