ਬਰਤਾਨੀਆ: ਸੁਏਲਾ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ
ਲੰਡਨ, 13 ਨਵੰਬਰ
ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਸੋਮਵਾਰ ਸਵੇਰੇ ਕੈਬਨਿਟ ’ਚ ਫੇਰਬਦਲ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰੋਨ ਨੂੰ ਨਵਾਂ ਵਿਦੇਸ਼ ਮੰਤਰੀ ਥਾਪ ਦਿੱਤਾ। ਜੇਮਸ ਕਲੈਵਰਲੀ ਨੂੰ ਨਵਾਂ ਗ੍ਰਹਿ ਮੰਤਰੀ ਬਣਾਇਆ ਗਿਆ ਹੈ। ਸੂਨਕ ਕੈਬਨਿਟ ’ਚ ਫੇਰਬਦਲ ਉਸ ਸਮੇਂ ਹੋਇਆ ਹੈ ਜਦੋਂ ਵਿਦੇਸ਼ ਮੰਤਰੀ ਕਲੈਵਰਲੀ ਨੇ ਆਪਣੇ ਭਾਰਤੀ ਹਮਰੁਤਬਾ ਐੱਸ ਜੈਸ਼ੰਕਰ ਨਾਲ ਦੁਵੱਲੀ ਗੱਲਬਾਤ ਕਰਨੀ ਸੀ ਜੋ ਯੂਕੇ ਦੇ ਪੰਜ ਦਿਨਾਂ ਦੌਰੇ ’ਤੇ ਆਏ ਹੋਏ ਹਨ। ਜੈਸ਼ੰਕਰ ਨੇ ਐਤਵਾਰ ਨੂੰ ਸੂਨਕ ਨਾਲ 10 ਡਾਊਨਿੰਗ ਸਟਰੀਟ ’ਚ ਗੱਲਬਾਤ ਕੀਤੀ ਹੈ। ਕੈਮਰੋਨ ਨੇ ਕਿਹਾ ਕਿ ਉਹ ਭਾਵੇਂ ਕੁਝ ਵਿਅਕਤੀਗਤ ਫ਼ੈਸਲਿਆਂ ਨਾਲ ਅਸਹਿਮਤ ਹੋ ਸਕਦੇ ਹਨ ਪਰ ਇਹ ਸਪੱਸ਼ਟ ਹੈ ਕਿ ਰਿਸ਼ੀ ਸੂਨਕ ਮਜ਼ਬੂਤ ਅਤੇ ਯੋਗ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਮੁਸ਼ਕਲ ਸਮੇਂ ’ਚ ਮਿਸਾਲੀ ਅਗਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਸੂਨਕ ਦੀ ਮਦਦ ਕਰਨਗੇ। ਕੈਮਰੋਨ ਨੇ ਬ੍ਰੈਗਜ਼ਿਟ ਰਾਏਸ਼ੁਮਾਰੀ ਦੇ ਮੁੱਦੇ ’ਤੇ ਨਾਕਾਮ ਰਹਿਣ ਮਗਰੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਬ੍ਰੇਵਰਮੈਨ ਦੇ ਕੈਬਨਿਟ ’ਚੋਂ ਲਾਂਭੇ ਹੋਣ ਦੇ ਹਾਲਾਤ ਉਸ ਸਮੇਂ ਬਣ ਗਏ ਸਨ ਜਦੋਂ 10 ਡਾਊਨਿੰਗ ਸਟਰੀਟ ਤੋਂ ਪ੍ਰਵਾਨਗੀ ਲਏ ਬਿਨਾਂ ਉਸ ਨੇ ਅਖ਼ਬਾਰ ’ਚ ਪੁਲੀਸ ਨੂੰ ਨਿਸ਼ਾਨਾ ਬਣਾਉਂਦਿਆਂ ਵਿਵਾਦਤ ਲੇਖ ਲਿਖਿਆ ਸੀ। -ਪੀਟੀਆਈ
ਜੈਸ਼ੰਕਰ ਨੇ ਡੇਵਿਡ ਕੈਮਰੋਨ ਨਾਲ ਕੀਤੀ ਮੁਲਾਕਾਤ
ਲੰਡਨ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਨਵੇਂ ਬਣੇ ਆਪਣੇ ਬਰਤਾਨਵੀ ਹਮਰੁਤਬਾ ਡੇਵਿਡ ਕੈਮਰੋਨ ਨਾਲ ਮੁਲਾਕਾਤ ਕੀਤੀ। ਦੋਵੇਂ ਆਗੂਆਂ ਨੇ ਦੁਵੱਲੇ ਰਣਨੀਤਕ ਮੁੱਦਿਆਂ ਬਾਰੇ ਚਰਚਾ ਕੀਤੀ। ਜੈਸ਼ੰਕਰ ਨੇ ‘ਐਕਸ’ ’ਤੇ ਲਿਖਿਆ ਕਿ ਉਨ੍ਹਾਂ ਨੂੰ ਡੇਵਿਡ ਕੈਮਰੋਨ ਦੇ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਹੀ ਮੁਲਾਕਾਤ ਕਰਕੇ ਬਹੁਤ ਖੁਸ਼ੀ ਹੋਈ। ਉਨ੍ਹਾਂ ਕੈਮਰੋਨ ਨੂੰ ਵਿਦੇਸ਼ ਮੰਤਰੀ ਬਣਨ ’ਤੇ ਵਧਾਈ ਦਿੱਤੀ। ਉਨ੍ਹਾਂ ਕੈਮਰੋਨ ਨਾਲ ਪੱਛਮੀ ਏਸ਼ੀਆ ਦੇ ਹਾਲਾਤ, ਯੂਕਰੇਨ ਜੰਗ ਅਤੇ ਹਿੰਦ-ਪ੍ਰਸ਼ਾਂਤ ਜਿਹੇ ਮਸਲਿਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। -ਪੀਟੀਆਈ