ਬਰਤਾਨੀਆ: ਦੀਵਾਲੀ ਮੌਕੇ ਮਾਸਾਹਾਰੀ ਭੋਜਨ ਪਰੋਸਣ ’ਤੇ ਪੀਐੱਮਓ ਨੇ ਮੁਆਫ਼ੀ ਮੰਗੀ
ਲੰਡਨ, 15 ਨਵੰਬਰ
ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਦਫ਼ਤਰ ਨੇ ਦੀਵਾਲੀ ਮੌਕੇ 10 ਡਾਊਨਿੰਗ ਸਟਰੀਟ ’ਚ ਦਿੱਤੀ ਪਾਰਟੀ ’ਚ ਮਾਸਾਹਾਰੀ ਭੋਜਨ ਅਤੇ ਸ਼ਰਾਬ ਪਰੋਸੇ ਜਾਣ ’ਤੇ ਮੁਆਫ਼ੀ ਮੰਗੀ ਹੈ। ਕੁਝ ਬ੍ਰਿਟਿਸ਼ ਹਿੰਦੂਆਂ ਨੇ ਇਸ ’ਤੇ ਇਤਰਾਜ਼ ਜਤਾਇਆ ਸੀ। ਬਿਆਨ ’ਚ ਭੋਜਨ ਸੂਚੀ ਦਾ ਸਿੱਧੇ ਤੌਰ ’ਤੇ ਹਵਾਲਾ ਨਹੀਂ ਦਿੱਤਾ ਗਿਆ ਹੈ ਪਰ ਸਟਾਰਮਰ ਦੇ ਦਫ਼ਤਰ ਦੇ ਤਰਜਮਾਨ ਨੇ ਕਿਹਾ ਕਿ ਟੀਮ ਨੇ ਮੁੱਦੇ ਦੀ ਗੰਭੀਰਤਾ ਨੂੰ ਮਹਿਸੂਸ ਕੀਤਾ ਹੈ ਅਤੇ ਭਾਈਚਾਰੇ ਨੂੰ ਭਰੋਸਾ ਦਿੰਦੇ ਹਾਂ ਕਿ ਭਵਿੱਖ ’ਚ ਇਹ ਗਲਤੀ ਦੁਹਰਾਈ ਨਹੀਂ ਜਾਵੇਗੀ। ਤਰਜਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਬ੍ਰਿਟਿਸ਼ ਹਿੰਦੂਆਂ, ਸਿੱਖਾਂ ਅਤੇ ਜੈਨ ਭਾਈਚਾਰਿਆਂ ਵੱਲੋਂ ਮੁਲਕ ’ਚ ਪਾਏ ਯੋਗਦਾਨ ਦੀ ਸ਼ਲਾਘਾ ਕਰਦੇ ਹਨ ਅਤੇ ਇਕ ਸੰਗਠਨ ਦੇ ਪ੍ਰੋਗਰਾਮ ’ਚ ਗਲਤੀ ਹੋਈ ਸੀ ਜਿਸ ਦੀ ਉਹ ਮੁਆਫ਼ੀ ਮੰਗਦੇ ਹਨ। ਇਹ ਬਿਆਨ ਸੰਸਦ ਮੈਂਬਰ ਸ਼ਿਵਾਨੀ ਰਾਜਾ ਵੱਲੋਂ ਸਟਾਰਮਰ ਨੂੰ ਪੱਤਰ ਲਿਖਣ ਮਗਰੋਂ ਆਇਆ ਹੈ, ਜਿਸ ’ਚ ਉਨ੍ਹਾਂ ਕੰਜ਼ਰਵੇਟਿਵ ਪਾਰਟੀ ’ਚ ਹਿੰਦੂ ਰੀਤੀ-ਰਿਵਾਜ਼ਾਂ ਦੀ ਪਾਲਣਾ ਨਾ ਕਰਨ ’ਤੇ ਚਿੰਤਾ ਜਤਾਈ ਸੀ। -ਪੀਟੀਆਈ