ਬਰਤਾਨੀਆ ਵੱਲੋਂ ਸਲਾਮਤੀ ਕੌਂਸਲ ’ਚ ਸਥਾਈ ਮੈਂਬਰਸ਼ਿਪ ਲਈ ਭਾਰਤ ਦੀ ਮੁੜ ਹਮਾਇਤ
ਲੰਡਨ, 12 ਨਵੰਬਰ
ਬਰਤਾਨੀਆ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ (ਯੂਐੱਨਐੱਸਸੀ) ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਲਈ ਮੁੜ ਹਮਾਇਤ ਕੀਤੀ ਹੈ। ਭਾਰਤ ਸਮੇਤ ਕਈ ਦੇਸ਼ ਸਲਾਮਤੀ ਕੌਂਸਲ ਦੇ ਵਿਸਤਾਰ ਦੀ ਮੰਗ ਕਰ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਸੰਸਥਾ ਵਿਸ਼ਵ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਹੈ। ਨਿਊਯਾਰਕ ਵਿੱਚ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ ਪਲੇਨਰੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਜਨਰਲ ਅਸੈਂਬਲੀ ਵਿੱਚ ਬਰਤਾਨੀਆ ਦੇ ਰਾਜਦੂਤ ਆਰਚੀ ਯੰਗ ਨੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਸਤੰਬਰ ਵਿੱਚ ਯੂਐੱਨਜੀਏ (ਸੰਯੁਕਤ ਰਾਸ਼ਟਰ ਮਹਾਸਭਾ) ਵਿੱਚ ਦਿੱਤੇ ਬਿਆਨ ਨੂੰ ਦੁਹਰਾਇਆ, ਜਿਸ ਵਿੱਚ ਉਨ੍ਹਾਂ ਨੇ ਯੂਐੱਨਐੱਸਸੀ ਸੁਧਾਰਾਂ ਦਾ ਸੱਦਾ ਦਿੱਤਾ ਸੀ। ਯੰਗ ਨੇ ਕਿਹਾ ਕਿ ਬਰਤਾਨੀਆ ਚਾਹੁੰਦਾ ਹੈ ਕਿ ਭਾਰਤ ਦੇ ਨਾਲ ਅਫਰੀਕਾ, ਬ੍ਰਾਜ਼ੀਲ, ਜਰਮਨੀ ਅਤੇ ਜਾਪਾਨ ਨੂੰ ਵੀ ਪੱਕੀ ਨੁਮਾਇੰਦਗੀ ਮਿਲੇ। ਉਨ੍ਹਾਂ ਕਿਹਾ, ‘‘ਬਰਤਾਨੀਆ ਦਾ ਮੰਨਣਾ ਹੈ ਕਿ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿੱਚ ਸੁਧਾਰ ਸੰਸਥਾ ਨੂੰ ਮਜ਼ਬੂਤ ਬਣਾਏਗਾ। -ਪੀਟੀਆਈ