Brisbane Test: ਭਾਰਤ ਤੇ ਆਸਟਰੇਲੀਆ ਵਿਚਾਲੇ ਤੀਜਾ ਟੈਸਟ ਡਰਾਅ
ਬ੍ਰਿਸਬੇਨ, 18 ਦਸੰਬਰ
ਆਸਟਰੇਲੀਆ ਤੇ ਭਾਰਤ ਵਿਚਾਲੇ ਬ੍ਰਿਸਬੇਨ ਵਿਚ ਖੇਡਿਆ ਜਾ ਰਿਹਾ ਤੀਜਾ ਟੈਸਟ ਕ੍ਰਿਕਟ ਮੈਚ ਡਰਾਅ ਹੋ ਗਿਆ ਹੈ। ਮੀਹ ਕਰਕੇ ਪੰਜਵੇਂ ਦਿਨ ਦੀ ਖੇਡ ਪੂਰੀ ਨਹੀਂ ਹੋ ਸਕੀ। ਪੰਜ ਮੈਚਾਂ ਦੀ ਟੈਸਟ ਲੜੀ ਵਿਚ ਦੋਵੇਂ ਟੀਮਾਂ ਇਸ ਵੇਲੇ 1-1 ਨਾਲ ਬਰਾਬਰ ਹਨ। ਲੜੀ ਦਾ ਚੌਥਾ ਟੈਸਟ ਮੈਚ 26 ਦਸੰਬਰ ਤੋਂ ਮੈਲਬਰਨ ਵਿਚ ਖੇਡਿਆ ਜਾਵੇਗਾ। ਲੜੀ ਦੇ ਦੂਜੇ ਸੈਂਕੜੇ ਲਈ ਆਸਟਰੇਲੀਅਨ ਬੱਲੇਬਾਜ਼ ਟਰੈਵਿਸ ਹੈੱਡ ਨੂੰ ‘ਪਲੇਅਰ ਆਫ ਦਿ ਮੈਚ’ ਐਲਾਨਿਆ ਗਿਆ।
ਇਸ ਤੋਂ ਪਹਿਲਾਂ ਮੇਜ਼ਬਾਨ ਆਸਟਰੇਲੀਆ ਨੇ ਅੱਜ ਇਥੇ ਤੀਜੇ ਟੈਸਟ ਕ੍ਰਿਕਟ ਮੈਚ ਦੇ ਪੰਜਵੇਂ ਤੇ ਆਖਰੀ ਦਿਨ ਭਾਰਤ ਨੂੰ ਜਿੱਤ ਲਈ 275 ਦੌੜਾਂ ਦਾ ਟੀਚਾ ਦਿੱਤਾ ਸੀ। ਆਸਟਰੇਲੀਆ ਨੇ ਭਾਰਤ ਦੀ ਪਹਿਲੀ ਪਾਰੀ 260 ਦੌੜ਼ਾਂ ਉੱਤੇ ਸਮੇਟਣ ਮਗਰੋਂ ਆਪਣੀ ਦੂਜੀ ਪਾਰੀ 89/7 ਦੇ ਸਕੋਰ ’ਤੇ ਐਲਾਨ ਦਿੱਤੀ। ਮੇਜ਼ਬਾਨ ਟੀਮ ਨੇ ਦੂਜੀ ਪਾਰੀ ਵਿਚ ਮਹਿਜ਼ 18 ਓਵਰ ਹੀ ਖੇਡੇ। ਆਸਟਰੇਲੀਆ ਲਈ ਕਪਤਾਨ ਪੈਟ ਕਮਿਨਸ ਨੇ 10 ਗੇਂਦਾਂ ’ਤੇ 22 ਦੌੜਾਂ ਬਣਾਈਆਂ। ਵਿਕਟਕੀਪਰ ਬੱਲੇਬਾਜ਼ ਐਲਕਸ ਕੈਰੀ ਨੇ ਨਾਬਾਦ 20 ਦੌੜਾਂ ਤੇ ਟਰੈਵਿਸ ਹੈੱਡ ਨੇ 17 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ 3 ਜਦੋਂਕਿ ਮੁਹੰਮਦ ਸਿਰਾਜ ਤੇ ਅਕਾਸ਼ਦੀਪ ਨੇ 2-2 ਵਿਕਟ ਲਏ। ਖਰਾਬ ਰੌਸ਼ਨੀ ਕਰਕੇ ਖੇਡ ਰੋਕ ਜਾਣ ਮੌਕੇ ਭਾਰਤ ਨੇ ਦੂਜੀ ਪਾਰੀ ਵਿਚ 2.1 ਓਵਰ ਵਿਚ ਬਿਨਾਂ ਕਿਸੇ ਨੁਕਸਾਨ ਦੇ 8 ਦੌੜਾਂ ਬਣਾ ਲਈਆਂ ਸਨ। ਯਸ਼ਸਵੀ ਜੈਸਵਾਲ ਤੇ ਲੋਕੇਸ਼ ਰਾਹੁਲ 4-4 ਦੌੜਾਂ ਬਣਾ ਕੇ ਕਰੀਜ਼ ’ਤੇ ਸਨ। ਭਾਰਤ ਨੂੰ ਜਿੱਤ ਲਈ 51.5 ਓਵਰਾਂ ’ਚ 267 ਦੌੜਾਂ ਦੀ ਦਰਕਾਰ ਸੀ। -ਪੀਟੀਆਈ