ਬ੍ਰਿਲੀਐਂਟ ਮਾਈਂਡ ਸਕੂਲ ਨੇ ਦੋ ਟਰਾਫ਼ੀਆਂ ਜਿੱਤੀਆਂ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 14 ਨਵੰਬਰ
ਮਦਰ ਟਰੇਸਾ ਪਬਲਿਕ ਸਕੂਲ ਕੁਰੂਕਸ਼ੇਤਰ ਦੇ ਮੈਦਾਨ ਵਿੱਚ ਸਪੋਰਟਸ ਵਿਲੇਜ ਇੰਟਰ ਸਕੂਲ ਫੁਟਬਾਲ ਟੁਰਨਾਮੈਂਟ ਕਰਵਾਇਆ ਗਿਆ। ਇਸ ਵਿੱਚ ਅੰਡਰ 10,12,14 ਤੇ 17 ਵਰਗ ਉਮਰ ਤਕ ਦੇ ਵਿਦਿਆਰਥੀਆਂ ਨੇ ਵੱਖ ਵੱਖ ਸਕੂਲਾਂ ਦੀਆਂ ਟੀਮਾਂ ਵਿੱਚ ਹਿੱਸਾ ਲਿਆ। ਸਕੂਲ ਦੀ ਪ੍ਰਿੰਸੀਪਲ ਆਸ਼ਿਮਾ ਬੱਤਰਾ ਨੇ ਦੱਸਿਆ ਕਿ ਪ੍ਰਤੀਯੋਗਤਾ ਵਿੰਚ ਬ੍ਰਿਲੀਐਂਟ ਮਾਈਂਡ ਆਰੀਅਨ ਸਕੂਲ ਦੇ ਵਿਦਿਆਰਥੀਆਂ ਨੇ ਹਿੱਸਾ ਹੀ ਨਹੀਂ ਲਿਆ ਬਲਕਿ ਦੋ ਓਵਰਆਲ ਟਰਾਫੀਆਂ ਜਿੱਤ ਕੇ ਸਕੂਲ ਦਾ ਮਾਣ ਵਧਾਇਆ। ਪ੍ਰਤੀਯੋਗਤਾ ਵਿਚ ਅੰਡਰ 10 ਦੇ ਵਿਦਿਆਰਥੀਆਂ ਦੀ ਟੀਮ ਨੇ ਜੇਤੂ ਟਰਾਫੀ ਤੇ ਅੰਡਰ 17 ਉਮਰ ਵਰਗ ਵਿੱਚ ਜੇਤੂ ਟਰਾਫੀ ਤੇ ਅੰਡਰ 12 ਵਰਗ ਦੇ ਵਿਦਿਆਰਥੀਆਂ ਨੇ ਦੂਜੀ ਰਨਰ ਅੱਪ ਟਰਾਫੀ ਜਿੱਤੀ। ਉਨ੍ਹਾਂ ਦੱਸਿਆ ਕਿ ਫੁਟਬਾਲ ਦੀ ਟੀਮ ਦੀ ਅਗਵਾਈ ਸਕੂਲ ਦੇ ਸਪੋਰਟਸ ਕੌਚ ਰੋਹਿਤ ਸ਼ਰਮਾ ਤੇ ਸਿਮਰਨਜੀਤ ਨੇ ਕੀਤੀ।
ਇਸ ਮੌਕੇ ਸਕੂਲ ਪਹੁੰਚਣ ’ਤੇ ਜੇਤੂ ਖਿਡਾਰੀਆਂ ਅਤੇ ਕੋਚ ਦਾ ਸਨਮਾਨ ਕੀਤਾ ਗਿਆ। ਸ੍ਰੀਮਤੀ ਬੱਤਰਾ ਨੇ ਦੱਸਿਆ ਕਿ 90 ਮਿੰਟ ਦੀ ਇਹ ਖੇਡ ਖਿਡਾਰੀਆਂ ਦੀ ਖੇਡ ਭਾਵਨਾ, ਹੌਸਲਾ ਅਤੇ ਸਹਿਨਸ਼ੀਲਤਾ ਦੀ ਪ੍ਰੀਖਿਆ ਲੈਂਦੀ ਹੈ। ਸਕੂਲ ਦੀ ਕੋਆਰਡੀਨੇਟਰ ਸੰਗੀਤਾ ਕੰਬੋਜ ਨੇ ਫੁਟਬਾਲ ਦੀ ਖੇਡ ਦੇ ਮਹੱਤਵ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਫੁਟਬਾਲ ਦੀ ਖੇਡ ਖਿਡਾਰੀ ਦੇ ਨਾਲ ਨਾਲ ਦਰਸ਼ਕ ਦੇ ਦ੍ਰਿਸ਼ਟੀਕੋਣ ਪਖੋਂ ਵੀ ਇਕ ਮਹੱਤਵਪੂਰਨ ਖੇਡ ਹੈ। ਉਨਾਂ ਨੇ ਵਿਦਿਆਰਥੀਆਂ ਨੂੰ ਜਿੱਤ ’ਤੇ ਸ਼ੁਭ ਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।