ਬ੍ਰਿਜਿੰਦਰਾ ਕਾਲਜ ਨੇ ਅੰਤਰ-ਕਾਲਜ ਯੁਵਕ ਮੇਲੇ ’ਚ ਮਾਰੀਆਂ ਮੱਲਾਂ
ਜਸਵੰਤ ਜੱਸ
ਫ਼ਰੀਦਕੋਟ, 25 ਅਕਤੂਬਰ
ਸਥਾਨਕ ਸਰਕਾਰੀ ਬ੍ਰਿਜਿੰਦਰਾ ਕਾਲਜ ਦੇ ਵਿਦਿਆਰਥੀਆਂ ਨੇ ਡੀਏਵੀ ਕਾਲਜ ਬਠਿੰਡਾ ਵਿੱਚ ਹੋਏ ਅੰਤਰ ਕਾਲਜ ਯੁਵਕ ਮੇਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸਫ਼ਲਤਾ ਤੋਂ ਬਾਅਦ ਕਾਲਜ ਪੁੱਜੇ ਜੇਤੂ ਵਿਦਿਆਰਥੀਆਂ ਨੂੰ ਕਾਲਜ ਦੇ ਪ੍ਰਿੰਸੀਪਲ ਮਨਜੀਤ ਸਿੰਘ ਮੱਕੜ ਅਤੇ ਸਟਾਫ਼ ਨੇ ਸ਼ਾਨਦਾਰ ਸਵਾਗਤ ਕੀਤਾ। ਪ੍ਰਿੰਸੀਪਲ ਮਨਜੀਤ ਸਿੰਘ ਮੱਕੜ ਨੇ ਦੱਸਿਆ ਕਿ ਯੂਥ ਕੋਆਰਡੀਨੇਟਰ ਡਾ. ਰਾਜੇਸ਼ ਮੋਹਨ ਦੀ ਅਗਵਾਈ ਵਿੱਚ ਬ੍ਰਿਜਿੰਦਰਾ ਕਾਲਜ ਦੇ ਵਿਦਿਆਰਥੀਆਂ ਨੇ ਅੰਤਰ-ਕਾਲਜ ਯੁਵਕ ਮੇਲੇ ਵਿੱਚ ਭਾਗ ਲੈ ਕੇ ਸ਼ਾਨਦਾਰ ਉਪਲੱਬਧੀਆਂ ਹਾਸਲ ਕੀਤੀਆਂ। ਕਾਲਜ ਪਹੁੰਚਣ ’ਤੇ ਕਾਲਜ ਪ੍ਰਿੰਸੀਪਲ, ਕਾਲਜ ਕੌਂਸਲ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਜੇਤੂ ਵਿਦਿਆਰਥੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਸਫਲ਼ਤਾ ਦੀ ਵਧਾਈ ਦਿੰਦਿਆ ਭਵਿੱਖ ਵਿੱਚ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਆ। ਯੂਥ ਕੋਆਰਡੀਨੇਟਰ ਡਾ. ਰਾਜੇਸ਼ ਮੋਹਨ ਨੇ ਅੰਤਰ ਕਾਲਜ ਯੁਵਕ ਮੇਲੇ ਵਿੱਚ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਨੇ ਆਲਓਵਰ ਟਰਾਫ਼ੀ ਮਿਊਜ਼ਿਕ ਅਤੇ ਆਲਓਵਰ ਆਲ ਟਰਾਫ਼ੀ ਲਿਟਰੇਰੀ ਹਾਸਿਲ ਕੀਤੀ। ਇਸ ਮੌਕੇ ਡਾ. ਪੂਜਾ ਭੱਲਾ, ਡਾ. ਨਿਰਵਰਿੰਦਰ ਕੌਰ ਸੰਧੂ, ਡਾ. ਸ਼ਾਲਿਨੀ ਗੋਇਲ, ਡਾ. ਅੰਸ਼ੁਮਤੀ, ਪ੍ਰੋ. ਗੁਰਲਾਲ ਸਿੰਘ, ਡਾ. ਗਗਨਦੀਪ ਕੌਰ, ਡਾ. ਅਮਨਪ੍ਰੀਤ ਕੌਰ, ਪ੍ਰੋ. ਬੂਟਾ ਸਿੰਘ, ਪ੍ਰੋ. ਹਰਪ੍ਰੀਤ ਸਿੰਘ ਸਫ਼ੀ, ਪ੍ਰੋ. ਗੁਰਪ੍ਰੀਤ ਕੌਰ, ਅਨਿਲ ਗੁਪਤਾ ਆਦਿ ਵੀ ਹਾਜ਼ਰ ਸਨ।
ਮੁਕਾਬਲਿਆਂ ਦੇ ਨਤੀਜੇ
ਵਿਦਿਆਰਥੀਆਂ ਨੇ ਗਰੁੱਪ ਸ਼ਬਦ, ਜਰਨਲ ਕੁਇਜ਼, ਗੀਤ/ਗ਼ਜ਼ਲ, ਕਲਾਸੀਕਲ ਵੋਕਲ ਅਤੇ ਕਲੇਅ ਮਾਡਲਿੰਗ ਵਿੱਚ ਪਹਿਲਾ ਸਥਾਨ, ਪੱਛਮੀ ਸਮੂਹ ਗਾਇਨ, ਭਾਰਤੀ ਗਰੁੱਪ - ਸਮੂਹ ਗਾਇਨ ਵਿੱਚ ਦੂਜਾ ਸਥਾਨ ਅਤੇ ਕਲਾਸੀਕਲ ਡਾਂਸ, ਪੱਛਮੀ ਗਾਇਨ ਸੋਲੋ, ਵਾਦ-ਵਿਵਾਦ ਅਤੇ ਮਿਮਕਰੀ ਵਿੱਚ ਤੀਜਾ ਸਥਾਨ ਹਾਸਲ ਕੀਤਾ।