For the best experience, open
https://m.punjabitribuneonline.com
on your mobile browser.
Advertisement

ਬ੍ਰਿਜ ਭੂਸ਼ਨ ਦਾ ਵਫ਼ਾਦਾਰ ਸੰਜੈ ਸਿੰਘ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਬਣਿਆ

07:42 AM Dec 22, 2023 IST
ਬ੍ਰਿਜ ਭੂਸ਼ਨ ਦਾ ਵਫ਼ਾਦਾਰ ਸੰਜੈ ਸਿੰਘ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਬਣਿਆ
ਚੋਣ ਜਿੱਤਣ ਮਗਰੋਂ ਬ੍ਰਿਜ ਭੂਸ਼ਨ (ਖੱਬੇ) ਨਾਲ ਜਿੱਤ ਦਾ ਿਨਸ਼ਾਨ ਬਣਾਉਂਦਾ ਹੋਇਆ ਸੰਜੈ ਸਿੰਘ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 21 ਦਸੰਬਰ
ਪਿਛਲੇ ਲੰਬੇ ਸਮੇਂ ਤੋਂ ਵਿਵਾਦਾਂ ’ਚ ਘਿਰੀ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੀਆਂ ਅੱਜ ਹੋਈਆਂ ਚੋਣਾਂ ਵਿੱਚ ਸੰਜੈ ਸਿੰਘ ਪ੍ਰਧਾਨ ਚੁਣੇ ਗਏ ਜਿਸ ਸਦਕਾ ਕੁਸ਼ਤੀ ਫੈਡਰੇਸ਼ਨ ਦਾ ਕੰਟਰੋਲ ਅਸਿੱਧੇ ਤੌਰ ’ਤੇ ਮੁੜ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਦੇ ਹੱਥਾਂ ਵਿੱਚ ਆ ਗਿਆ ਹੈ। ਉੱਤਰ ਪ੍ਰਦੇਸ਼ ਕੁਸ਼ਤੀ ਐਸੋਸੀਏਸ਼ਨ ਦੇ ਉਪ ਪ੍ਰਧਾਨ ਸੰਜੈ ਸਿੰਘ ਨੂੰ 40, ਜਦਕਿ ਉਸ ਦੀ ਵਿਰੋਧੀ ਅਨੀਤਾ ਸ਼ਿਓਰਾਨ ਨੂੰ ਸੱਤ ਵੋਟਾਂ ਮਿਲੀਆਂ। ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗ਼ਮਾ ਜੇਤੂ ਅਨੀਤਾ ਦਾ ਪੈਨਲ ਹਾਲਾਂਕਿ ਜਨਰਲ ਸਕੱਤਰ ਦਾ ਅਹੁਦਾ ਆਪਣੇ ਨਾਂ ਕਰਨ ਵਿੱਚ ਸਫ਼ਲ ਰਿਹਾ, ਜਦੋਂ ਪ੍ਰੇਮ ਚੰਦ ਲੋਚਬ ਨੇ ਦਰਸ਼ਨ ਨਾਲ ਨੂੰ ਹਰਾਇਆ।
ਕੌਮੀ ਮਾਰਗ ’ਤੇ ਫੂਡ ਜੁਆਇੰਟਸ ਦੀ ਫਰੈਂਚਾਇਜ਼ੀ ਚਲਾਉਣ ਵਾਲੇ ਅਤੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਦੇ ਕਰੀਬੀ ਦਵਿੰਦਰ ਸਿੰਘ ਕਾਦੀਆਨ ਨੇ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਆਪਣੇ ਨਾਂ ਕੀਤਾ। ਉਨ੍ਹਾਂ ਆਈਡੀ ਨਾਨਾਵਤੀ ਨੂੰ 32-15 ਨਾਲ ਹਰਾਇਆ। ਬ੍ਰਿਜ ਭੂਸ਼ਨ ਦੇ ਖੇਮੇ ਨੇ 15 ਵਿੱਚੋਂ 13 ਅਸਾਮੀਆਂ ਆਪਣੇ ਨਾਂ ਕੀਤੀਆਂ। ਚੋਣ ਨਤੀਜਿਆਂ ਤੋਂ ਪਹਿਲਵਾਨ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਬ੍ਰਿਜ ਭੂਸ਼ਨ ਖ਼ਿਲਾਫ਼ ਉਨ੍ਹਾਂ ਦਾ ਵਿਰੋਧ ਪ੍ਰਦਰਸ਼ਨ ਵਿਅਰਥ ਗਿਆ ਹੈ ਕਿਉਂਕਿ ਬਦਲਾਅ ਲਈ ਮੁਹਿੰਮ ਚਲਾਉਣ ਦੇ ਬਾਵਜੂਦ ਉਨ੍ਹਾਂ ਨੂੰ ਕੁਸ਼ਤੀ ਜਗਤ ਦਾ ਸਹਿਯੋਗ ਨਹੀਂ ਮਿਲਿਆ ਹੈ।
ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਨ ਦਾ ਇੱਕ ਕਰੀਬੀ ਹੁਣ ਪ੍ਰਧਾਨ ਹੈ। ਪਹਿਲਵਾਨਾਂ ਨੇ ਬ੍ਰਿਜ ਭੂਸ਼ਨ ’ਤੇ ਕਥਿਤ ਤੌਰ ’ਤੇ ਜੂਨੀਅਰ ਪਹਿਲਵਾਨਾਂ ਸਣੇ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ ਅਤੇ ਉਹ ਸਮਾਜ ਦੇ ਵੱਖ ਵੱਖ ਵਰਗਾਂ ਤੋਂ ਭਾਰੀ ਸਮਰਥਨ ਹਾਸਲ ਕਰਨ ’ਚ ਕਾਮਯਾਬ ਰਹੇ ਸੀ। ਹਾਲਾਂਕਿ ਪਹਿਲਵਾਨਾਂ ਦਾ ਪ੍ਰਦਰਸ਼ਨ ਉਦੋਂ ਅਸਫ਼ਲ ਹੋ ਗਿਆ ਜਦੋਂ ਉਨ੍ਹਾਂ 28 ਮਈ ਨੂੰ ਨਵੇਂ ਸੰਸਦ ਭਵਨ ਵੱਲ ਮਾਰਚ ਕਰਨ ਦੀ ਯੋਜਨਾ ਉਲੀਕੀ ਅਤੇ ਦਿੱਲੀ ਪੁਲੀਸ ਨੇ ਦੰਗਾ ਕਰਨ ਦੇ ਦੋਸ਼ ਹੇਠ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਜੰਤਰ-ਮੰਤਰ ਤੋਂ ਹਟਾ ਦਿੱਤਾ। ਪਹਿਲਵਾਨਾਂ ਨੇ ਅਧਿਕਾਰਕ ਤੌਰ ’ਤੇ ਸੱਤ ਜੂਨ ਨੂੰ ਆਪਣਾ ਵਿਰੋਧ ਬੰਦ ਕਰ ਦਿੱਤਾ ਸੀ, ਜਦੋਂ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਬ੍ਰਿਜ ਭੂਸ਼ਨ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਜਾਂ ਕਰੀਬੀ ਸਹਿਯੋਗੀ ਨੂੰ ਡਬਲਿਊਐੱਫਆਈ ਚੋਣਾਂ ਵਿੱਚ ਉੱਤਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਆਰਐੱਸਐੱਸ ਨਾਲ ਜੁੜੇ ਸੰਜੈ ਸਿੰਘ ਵਾਰਾਨਸੀ ਦੇ ਰਹਿਣ ਵਾਲੇ ਹਨ ਅਤੇ ਬ੍ਰਿਜ ਭੂਸ਼ਨ ਦੇ ਬਹੁਤ ਨੇੜਲੇ ਸਹਿਯੋਗੀ ਹਨ। ਸਾਬਕਾ ਪ੍ਰਧਾਨ ਦੀ ਖੇਡ ਵਿੱਚ ਜਬਰਦਸਤ ਰੁਚੀ ਦੇਖਦਿਆਂ ਇਹ ਉਮੀਦ ਹੈ ਕਿ ਸੰਜੈ ਸਿੰਘ ਨੀਤੀਗਤ ਫ਼ੈਸਲਿਆਂ ਵਿੱਚ ਉਨ੍ਹਾਂ ਤੋਂ ਸਲਾਹ ਲੈਣਗੇ।
ਨਵੀਂ ਕਾਰਜਕਾਰੀ ਕਮੇਟੀ ਦੀਆਂ ਚੋਣਾਂ ਨਾਲ ਡਬਲਿਊਐੱਫਆਈ ’ਤੇ ਲੱਗੇ ਆਲਮੀ ਸੰਚਾਲਨ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ (ਯੂਡਬਲਿਊਡਬਲਿਊ) ਦੀ ਪਾਬੰਦੀ ਨੂੰ ਹਟਾਉਣ ਦਾ ਰਾਹ ਸਾਫ਼ ਹੋ ਜਾਵੇਗਾ। ਯੂਡਬਲਿਊਡਬਲਿਊ ਨੇ ਸਮੇਂ ’ਤੇ ਚੋਣਾਂ ਨਾ ਕਰਵਾਉਣ ਲਈ ਡਬਲਿਊਐੱਫਆਈ ’ਤੇ ਪਾਬੰਦੀ ਲਗਾ ਦਿੱਤੀ ਸੀ, ਜਿਸ ਨਾਲ ਭਾਰਤੀ ਪਹਿਲਵਾਨਾਂ ਨੂੰ 2023 ਵਿਸ਼ਵ ਚੈਂਪੀਅਨਸ਼ਪਿ ਵਿੱਚ ਨਿਰਪੱਖ ਖਿਡਾਰੀਆਂ ਵਜੋਂ ਮੁਕਾਬਲਾ ਕਰਨ ਲਈ ਮਜਬੂਰ ਹੋਣਾ ਪਿਆ। ਚੋਣ ਪ੍ਰਕਿਰਿਆ ਜੁਲਾਈ ਵਿੱਚ ਸ਼ੁਰੂ ਕੀਤੀ ਗਈ ਸੀ ਪਰ ਅਦਾਲਤ ਵਿੱਚ ਵੱਖ ਵੱਖ ਮਾਮਲਿਆਂ ਕਾਰਨ ਇਸ ’ਚ ਦੇਰੀ ਹੋਈ। ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਲਾਈ ਗਈ ਰੋਕ ਨੂੰ ਰੱਦ ਕਰ ਦਿੱਤਾ, ਜਿਸ ਨਾਲ ਡਬਲਿਊਐੱਫਆਈ ਦੀ ਨਵੀਂ ਪ੍ਰਬੰਧਕ ਸੰਸਥਾ ਦੀਆਂ ਚੋਣਾਂ ਦੀ ਪ੍ਰਕਿਰਿਆ ਲਈ ਰਾਹ ਸਾਫ਼ ਹੋਇਆ। -ਪੀਟੀਆਈ

Advertisement

ਨਵੇਂ ਚੁਣੇ ਅਹੁਦੇਦਾਰਾਂ ਵੱਲੋਂ ਐਡਹਾਕ ਕਮੇਟੀ ਦੇ ਸਾਰੇ ਫ਼ੈਸਲੇ ਰੱਦ

ਨਵੀਂ ਦਿੱਲੀ: ਭਾਰਤੀ ਕੁਸ਼ਤੀ ਫੈਡਰੇਸ਼ਨ ਦੀ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਅੱਜ ਇੱਥੇ ਭੁਪਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠਲੀ ਐਡਹਾਕ ਕਮੇਟੀ ਵੱਲੋਂ ਲਏ ਗਏ ਸਾਰੇ ਫ਼ੈਸਲਿਆਂ ਨੂੰ ਰੱਦ ਕਰ ਦਿੱਤਾ ਹੈ। ਐਡਹਾਕ ਕਮੇਟੀ ਨੇ ਹਾਲ ਹੀ ਵਿੱਚ ਓਲੰਪਿਕ ਚੋਣ ਮਾਪਦੰਡ ਨੂੰ ਬਦਲ ਦਿੱਤਾ ਸੀ ਅਤੇ ਜੈਪੁਰ ਵਿੱਚ ਸੀਨੀਅਰ ਕੌਮੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਦਾ ਐਲਾਨ ਕੀਤਾ ਸੀ। ਚੋਣ ਪ੍ਰਕਿਰਿਆ ਮੁਕੰਮਲ ਹੋਣ ਦੇ ਕੁੱਝ ਹੀ ਘੰਟਿਆਂ ਮਗਰੋਂ 15 ਵਿੱਚੋਂ ਜੇਤੂ 13 ਮੈਂਬਰ ਇੱਥੇ ਸਿਟੀ ਹੋਟਲ ਵਿੱਚ ਇਕੱਠੇ ਹੋਏ ਅਤੇ ਭਵਿੱਖ ਦੀਆਂ ਯੋਜਨਾਵਾਂ ’ਤੇ ਚਰਚਾ ਕੀਤੀ। ਨਵੇਂ ਜਨਰਲ ਸਕੱਤਰ ਪ੍ਰੇਮ ਚੰਦ ਲੋਚਬ ਅਤੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਕਾਦੀਆਂ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਕੁਸ਼ਤੀ ਫੈਡਰੇਸ਼ਨ ਦੇ ਸੂਤਰਾਂ ਨੇ ਦੱਸਿਆ, ‘‘ਐਡਹਾਕ ਕਮੇਟੀ ਨੇ ਐਲਾਨ ਕੀਤਾ ਸੀ ਕਿ ਸੀਨੀਅਰ ਕੌਮੀ ਚੈਂਪੀਅਨਸ਼ਿਪ ਜਨਵਰੀ ਮਹੀਨੇ ਜੈਪੁਰ ਵਿੱਚ ਹੋਵੇਗੀ ਪਰ ਇਹ ਫ਼ੈਸਲਾ ਰੱਦ ਕਰ ਦਿੱਤਾ ਗਿਆ ਹੈ। ਦਰਅਸਲ, ਐਡਹਾਕ ਕਮੇਟੀ ਵੱਲੋਂ ਲਏ ਗਏ ਸਾਰੇ ਫ਼ੈਸਲੇ ਰੱਦ ਕਰ ਦਿੱਤੇ ਗਏ ਹਨ।’’ -ਪੀਟੀਆਈ

ਸਾਕਸ਼ੀ ਮਲਿਕ ਵੱਲੋਂ ਕੁਸ਼ਤੀ ਨੂੰ ਅਲਵਿਦਾ

ਸੰਿਨਆਸ ਐਲਾਨਣ ਸਮੇਂ ਭਾਵੁਕ ਹੋਈ ਸਾਕਸ਼ੀ ਮਲਿਕ।

ਨਵੀਂ ਦਿੱਲੀ: ਰੀਓ ਓਲੰਪਿਕ ’ਚ ਕਾਂਸੇ ਦਾ ਤਗ਼ਮਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ(31) ਨੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੀਆਂ ਚੋਣਾਂ ਵਿੱਚ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਵਫ਼ਾਦਾਰ ਸੰਜੈ ਸਿੰਘ ਦੇ ਪ੍ਰਧਾਨ ਚੁਣੇ ਜਾਣ ਮਗਰੋਂ ਰੋਸ ਵਜੋਂ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਸਾਕਸ਼ੀ, ਜਿਸ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਸਨ, ਨੇ ਆਪਣੇ ਸੰਨਿਆਸ ਦਾ ਐਲਾਨ ਕਰਦਿਆਂ ਕਿਹਾ, ‘‘ਅਸੀਂ ਆਪਣੇ ਦਿਲ ਤੋਂ ਲੜੇ, ਪਰ ਜੇਕਰ ਬ੍ਰਿਜ ਭੂਸ਼ਣ ਵਰਗਾ ਸ਼ਖ਼ਸ, ਉਸ ਦਾ ਕਾਰੋਬਾਰੀ ਭਾਈਵਾਲ ਤੇ ਵਫ਼ਾਦਾਰ ਡਬਲਿਊਐੱਫਆਈ ਦਾ ਪ੍ਰਧਾਨ ਚੁਣਿਆ ਗਿਆ ਹੈ, ਤਾਂ ਮੈਂ ਕੁਸ਼ਤੀ ਛੱਡ ਰਹੀ ਹਾਂ।’’ ਉਂਜ ਨਾਟਕੀ ਐਲਾਨ ਮੌਕੇ ਮਲਿਕ ਨੇ ਆਪਣੇ ਜੂਤੇ ਮੇਜ਼ ’ਤੇ ਰੱਖੇ। ਰਾਸ਼ਟਰਮੰਡਲ ਖੇਡਾਂ ’ਚ ਸੋਨ ਤਗ਼ਮਾ ਜੇਤੂ ਮਹਿਲਾ ਪਹਿਲਵਾਨ ਨੇ ਕਿਹਾ, ‘‘ਅਸੀਂ ਮਹਿਲਾ ਪ੍ਰਧਾਨ ਚਾਹੁੰਦੇ ਸੀ, ਪਰ ਅਜਿਹਾ ਨਹੀਂ ਹੋਇਆ।

ਮੀਡੀਆ ਨਾਲ ਗੱਲਬਾਤ ਕਰਦਿਆਂ ਭਾਵੁਕ ਹੋਏ ਵਿਨੇਸ਼ ਫੋਗਾਟ (ਖੱਬੇ), ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ (ਸੱਜੇ)। -ਫੋਟੋ: ਪੀਟੀਆਈ

ਚੇਤੇ ਰਹੇ ਕਿ ਚੋਣਾਂ ਤੋਂ ਪਹਿਲਾਂ ਓਲੰਪਿਕ ਤਗ਼ਮਾ ਜੇਤੂ ਪਹਿਲਵਾਨਾਂ ਬਜਰੰਗ ਪੂਨੀਆ ਤੇ ਸਾਕਸ਼ੀ ਮਲਿਕ ਨੇ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ਵਾਰ ਵਾਰ ਇਹ ਅਪੀਲ ਕੀਤੀ ਸੀ ਕਿ ਬ੍ਰਿਜ ਭੂਸ਼ਣ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਲੜਨ ਤੋਂ ਰੋਕਿਆ ਜਾਵੇ। ਹਾਲਾਂਕਿ ਬ੍ਰਿਜ ਭੂਸ਼ਣ ਦਾ ਪੁੱਤਰ ਪ੍ਰਤੀਕ ਜਾਂ ਉਸ ਦਾ ਜਵਾਈ ਵਿਸ਼ਾਲ ਸਿੰਘ ਚੋਣ ਮੈਦਾਨ ਵਿੱਚ ਨਹੀਂ ਨਿੱਤਰੇ। ਫੈਡਰੇਸ਼ਨ ਦੀਆਂ ਚੋਣਾਂ ਮਗਰੋਂ ਪਹਿਲਵਾਨ ਬਜਰੰਗ ਤੇ ਵਿਨੇਸ਼ ਫੋਗਾਟ ਨੇ ਵੀ ਮੀਡੀਆ ਨੂੰ ਸੰਬੋਧਨ ਕੀਤਾ, ਪਰ ਉਨ੍ਹਾਂ ਨੇ ਕੁਸ਼ਤੀ ਦੀ ਖੇਡ ਤੋਂ ਸੇਵਾਮੁਕਤੀ ਬਾਰੇ ਕੋਈ ਗੱਲ ਨਹੀਂ ਕੀਤੀ। ਬਜਰੰਗ ਨੇ ਕਿਹਾ, ‘‘ਬਦਕਿਸਮਤੀ ਨਾਲ ਸਰਕਾਰ ਨੇ ਆਪਣੇ ਉਹ ਬੋਲ ਪੁਗਾਏ ਨਹੀਂ ਕਿ ਬ੍ਰਿਜ ਭੂਸ਼ਣ ਦਾ ਕੋਈ ਵੀ ਵਫ਼ਾਦਾਰ ਡਬਲਿਊਐੱਫਆਈ ਚੋਣਾਂ ਨਹੀਂ ਲੜੇਗਾ।’’ ਵਿਨੇਸ਼ ਨੇ ਕਿਹਾ, ‘‘ਉਭਰਦੀਆਂ ਮਹਿਲਾ ਪਹਿਲਵਾਨਾਂ ਨੂੰ ਸ਼ੋਸ਼ਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ।’’ ਇਸੇ ਦੌਰਾਨ ਕਾਂਗਰਸ ਆਗੂ ਕੇਸੀ ਵੇਣੂਗੋਪਾਲ ਨੇ ਅੱਜ ਕਿਹਾ ਕਿ ਭਾਰਤ ਦੇ ਲੋਕ ਭਾਜਪਾ ਸਰਕਾਰ ਤੋਂ ਇਨਸਾਫ ਮੰਗਦੇ ਇਨ੍ਹਾਂ ਪਹਿਲਵਾਨਾਂ ਦੇ ਹੰਝੂਆਂ ਦਾ ਕਰਾਰਾ ਜਵਾਬ ਦੇਣਗੇ। -ਪੀਟੀਆਈ

ਵਿਰੋਧ ਕਰਨ ਵਾਲੇ ਪਹਿਲਵਾਨਾਂ ਨੂੰ ਬਦਲਾਖੋਰੀ ਦੀ ਸਿਆਸਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ: ਬ੍ਰਿਜ ਭੂਸ਼ਨ

ਨਵੀਂ ਦਿੱਲੀ: ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੇ ਅੱਜ ਇੱਥੇ ਆਪਣੇ ਸਮਰਥਨ ਵਾਲੇ ਪੈਨਲ ਦੇ ਡਬਲਿਊਐੱਫਆਈ ਚੋਣਾਂ ਵਿੱਚ ਜਿੱਤ ਦਰਜ ਕਰਨ ਮਗਰੋਂ ਕਿਹਾ ਕਿ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਪਹਿਲਵਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਬਦਲਾਖੋਰੀ ਦੀ ਸਿਆਸਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਉਨ੍ਹਾਂ ਨੂੰ ਫੈਡਰੇਸ਼ਨ ਦੀ ਨਵੀਂ ਕਮੇਟੀ ਤੋਂ ਪੂਰਾ ਸਹਿਯੋਗ ਮਿਲੇਗਾ। ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬ੍ਰਿਜ ਭੂਸ਼ਨ ਨੇ ਭਰੋਸਾ ਦਿੱਤਾ ਕਿ ਨਵੇਂ ਅਹੁਦੇਦਾਰ ਨਿਰਪੱਖ ਹੋ ਕੇ ਕੰਮ ਕਰਨਗੇ। ਬ੍ਰਿਜ ਭੂਸ਼ਨ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕੀ ਫੈਡਰੇਸ਼ਨ ਉਨ੍ਹਾਂ ਪਹਿਲਵਾਨਾਂ ਦਾ ਸਮਰਥਨ ਕਰੇਗੀ, ਜਿਨ੍ਹਾਂ ਨੇ ਉਨ੍ਹਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਸੀ ਤਾਂ ਉਨ੍ਹਾਂ ਕਿਹਾ, ‘‘ਸਾਰੇ ਪਹਿਲਵਾਨਾਂ ਨੂੰ ਡਬਲਿਊਐੱਫਆਈ ਤੋਂ ਸਮਰਥਨ ਮਿਲੇਗਾ। ਕੋਈ ਪੱਖਪਾਤ ਨਹੀਂ ਹੋਵੇਗਾ। ਕਈ ਪਹਿਲਵਾਨ, ਨਵੇਂ ਅਤੇ ਪਹਿਲਾਂ ਤੋਂ ਸਥਾਪਤ, ਵਿਰੋਧ ਦੇ ਪਹਿਲੇ ਦਿਨ (ਜਨਵਰੀ 2023) ਧਰਨੇ ’ਤੇ ਬੈਠੇ ਸੀ। ਇਸ ਆਧਾਰ ’ਤੇ ਕਿਸੇ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਵੇਗਾ।’’ ਉਨ੍ਹਾਂ ਕਿਹਾ, ‘‘ਅਸੀਂ ਖੇਡ ’ਤੇ ਧਿਆਨ ਦੇਣਾ ਹੈ ਨਾ ਕਿ ਪਹਿਲਵਾਨਾਂ ਦੀਆਂ ਗਲਤੀਆਂ ਵੱਲ। ਜੇਕਰ ਉਨ੍ਹਾਂ ਨੂੰ ਆਪਣੀਆਂ ਗਲਤੀਆਂ ਦਾ ਖਮਿਆਜ਼ਾ ਭੁਗਤਣਾ ਪਵੇਗਾ ਤਾਂ ਫੈਡਰੇਸ਼ਨ ਨਿਰਪੱਖ ਨਹੀਂ ਰਹੇਗੀ।’’ ਇਹ ਪੁੱਛੇ ਜਾਣ ’ਤੇ ਕਿ ਕੀ ਉਹ ਫੈਡਰੇਸ਼ਨ ਦੇ ਰੋਜ਼ਮਰ੍ਹਾ ਦੇ ਕੰਮ-ਕਾਜ ਵਿੱਚ ਭੂਮਿਕਾ ਨਿਭਾਉਣਾ ਜਾਰੀ ਰੱਖਣਗੇ ਤਾਂ ਬ੍ਰਿਜਭੂਸ਼ਨ ਨੇ ਕਿਹਾ ਕਿ ਉਹ ਦਖ਼ਲ ਨਹੀਂ ਦੇਣਗੇ ਪਰ ਜੇਕਰ ਉਨ੍ਹਾਂ ਦੀ ਮਦਦ ਮੰਗੀ ਗਈ ਤਾਂ ਉਹ ਸੁਝਾਅ ਦੇਣਗੇ। ਉਨ੍ਹਾਂ ਕਿਹਾ, ‘‘ਪੂਰਾ ਪੈਨਲ ਸਾਡਾ ਹੈ। ਜੋ ਵੀ ਜਿੱਤਿਆ ਹੈ, ਉਹ ਸਾਡੀ ਵੋਟ ਨਾਲ ਜਿੱਤਿਆ ਹੈ।’’ ਬ੍ਰਿਜ ਭੂੁਸ਼ਨ ਨੇ ਕਿਹਾ ਕਿ ਪਹਿਲਵਾਨਾਂ ਵੱਲੋਂ ਲਾਏ ਗਏ ਦੋਸ਼ਾਂ ਕਾਰਨ ਉਨ੍ਹਾਂ ਦੇ ਅਕਸ ਨੂੰ ਢਾਹ ਲੱਗੀ ਹੈ। ਉਨ੍ਹਾਂ ਕਿਹਾ, ‘ਜਦੋਂ 18 ਜਨਵਰੀ ਨੂੰ ਪ੍ਰਦਰਸ਼ਨ ਸ਼ੁਰੂ ਹੋਇਆ ਤਾਂ ਅਜਿਹਾ ਮਾਹੌਲ ਬਣਾਇਆ ਗਿਆ ਜਿਵੇਂ ਉਨ੍ਹਾਂ ਦੇ ਦੋਸ਼ਾਂ ’ਚ ਕੁੱਝ ਸੱਚਾਈ ਹੋਵੇ। ਕੁੱਝ ਪਹਿਲਵਾਨ ਪ੍ਰਭਾਵਿਤ ਹੋਏ ਪਰ ਜਦੋਂ ਅਸੀਂ, ਮੀਡੀਆ ਅਤੇ ਪੂਰੇ ਦੇਸ਼ ਨੇ ਸਬੂਤ ਮੰਗਣਾ ਸ਼ੁਰੂ ਕੀਤਾ ਤਾਂ ਉਹ ਹੌਲੀ-ਹੌਲੀ ਬੇਨਕਾਬ ਹੋ ਗਏ।’’ ਬ੍ਰਿਜ ਭੂਸ਼ਨ ਨੇ ਸੁਝਾਅ ਦਿੱਤਾ ਕਿ ਨਵੀਂ ਚੁਣੀ ਇਕਾਈ ਨੂੰ 31 ਦਸੰਬਰ ਤੋਂ ਪਹਿਲਾਂ ਅੰਡਰ-15 ਅਤੇ ਜੂਨੀਅਰ ਕੌਮੀ ਚੈਂਪੀਅਨਸ਼ਿਪ ਕਰਵਾਉਣੀ ਚਾਹੀਦੀ ਹੈ। -ਪੀਟੀਆਈ

Advertisement
Author Image

Advertisement
Advertisement
×