ਬ੍ਰਿਜ ਭੂਸ਼ਣ ਮਾਮਲਾ: ਕੇਸ ਖਾਰਜ ਕਰਨ ਬਾਰੇ ਨਾਬਾਲਗ ਦਾ ਜਵਾਬ ਤਲਬ
ਨਵੀਂ ਦਿੱਲੀ, 4 ਜੁਲਾਈ
ਭਾਜਪਾ ਸੰਸਦ ਮੈਂਬਰ ਤੇ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਨਾਬਾਲਗ ਪਹਿਲਵਾਨ ਵੱਲੋਂ ਦਰਜ ਕਰਾਏ ਜਿਨਸੀ ਛੇੜਛਾੜ ਦੇ ਕੇਸ ਨੂੰ ਖਾਰਜ ਕਰਨ ਬਾਰੇ ਦਿੱਲੀ ਪੁਲੀਸ ਵੱਲੋਂ ਦਾਇਰ ਆਖਰੀ ਰਿਪੋਰਟ ’ਤੇ ਅਦਾਲਤ ਨੇ ‘ਪੀੜਤਾ’ ਅਤੇ ਸ਼ਿਕਾਇਤਕਰਤਾ ਦਾ ਜਵਾਬ ਮੰਗਿਆ ਹੈ। ਵਧੀਕ ਸੈਸ਼ਨ ਜੱਜ ਨੇ ਨੋਟਿਸ ਜਾਰੀ ਕਰਦਿਆਂ ਸ਼ਿਕਾਇਤਕਰਤਾ ਨੂੰ ਪੁਲੀਸ ਰਿਪੋਰਟ ’ਤੇ ਪਹਿਲੀ ਅਗਸਤ ਤੱਕ ਜਵਾਬ ਦਾਖਲ ਕਰਨ ਲਈ ਕਿਹਾ ਹੈ। ਇਸੇ ਦਿਨ ਮਾਮਲੇ ’ਤੇ ਅਗਲੀ ਸੁਣਵਾਈ ਹੋਵੇਗੀ। ਜ਼ਿਕਰਯੋਗ ਹੈ ਕਿ ਦਿੱਲੀ ਪੁਲੀਸ ਨੇ 15 ਜੂਨ ਨੂੰ ਸਿਫਾਰਿਸ਼ ਕੀਤੀ ਸੀ ਕਿ ਭਾਜਪਾ ਆਗੂ ’ਤੇ ਲੱਗੇ ‘ਪੋਕਸੋ’ ਦੇ ਦੋਸ਼ ਹਟਾ ਲਏ ਜਾਣ। ਹਾਲਾਂਕਿ ਛੇ ਮਹਿਲਾ ਪਹਿਲਵਾਨਾਂ ਵੱਲੋਂ ਬ੍ਰਿਜ ਭੂਸ਼ਣ ’ਤੇ ਲਾਏ ਗਏ ਜਿਨਸੀ ਛੇੜਛਾੜ ਦੇ ਇਲਜ਼ਾਮ ਬਰਕਰਾਰ ਹਨ। ‘ਪੋਕਸੋ’ ਵਾਲੇ ਕੇਸ ਵਿਚ ਪੁਲੀਸ ਨੇ ਕਿਹਾ ਸੀ ਕਿ ‘ਕੋਈ ਠੋਸ ਸਬੂਤ’ ਨਹੀਂ ਮਿਲਿਆ ਹੈ। ਨਾਬਾਲਗ ਪਹਿਲਵਾਨ ਦੇ ਪਿਤਾ ਦੇ ਬਿਆਨਾਂ ਦੇ ਅਾਧਾਰ ’ਤੇ ਪੁਲੀਸ ਨੇ ਇਹ ਰਿਪੋਰਟ ਦਾਖਲ ਕੀਤੀ ਸੀ। ਲੜਕੀ ਨੇ ਵੀ ਇਸ ਸਬੰਧੀ ਬਿਆਨ ਦਿੱਤੇ ਸਨ। ਸਰਕਾਰ ਨੇ ਸੰਘਰਸ਼ ਕਰ ਰਹੇ ਪਹਿਲਵਾਨਾਂ ਬਜਰੰਗ ਪੂਨੀਆ, ਸਾਕਸ਼ੀ ਮਲਿਕ ਤੇ ਵਿਨੇਸ਼ ਫੋਗਾਟ ਨੂੰ ਭਰੋਸਾ ਦਿੱਤਾ ਸੀ ਕਿ ਚਾਰਜਸ਼ੀਟ 15 ਜੂਨ ਤੱਕ ਦਾਖਲ ਕਰ ਦਿੱਤੀ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਆਪਣਾ ਸੰਘਰਸ਼ ਖ਼ਤਮ ਕਰ ਦਿੱਤਾ ਸੀ। -ਪੀਟੀਆਈ