ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਜਪੁਰਾ ਵਿੱਚ ਮੁਰੰਮਤ ਮਗਰੋਂ ਪੁਲ ਆਵਾਜਾਈ ਲਈ ਖੋਲ੍ਹਿਆ

07:28 AM Aug 12, 2024 IST
ਪੁਲ ਖੁੱਲ੍ਹਣ ਮਗਰੋਂ ਜਾਂਦੇ ਹੋਏ ਰਾਹਗੀਰ।

ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 11 ਅਗਸਤ
ਇੱਥੇ ਲਗਪਗ ਦੋ ਮਹੀਨਿਆਂ ਤੋਂ ਮੁਰੰਮਤ ਕਾਰਨ ਬੰਦ ਪਿਆ ਸ਼ਹਿਰ ਦੇ ਅੰਦਰ ਵਾਲਾ ਪੁਲ ਅੱਜ ਖੋਲ੍ਹ ਦਿੱਤਾ ਹੈ। ਜਾਣਕਾਰੀ ਅਨੁਸਾਰ ਭਾਰੀ ਮੀਂਹ ਦੇ ਮੱਦੇਨਜ਼ਰ ਵਿਧਾਇਕਾ ਨੀਨਾ ਮਿੱਤਲ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਅੱਜ ਪੁਲ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਸਨ, ਜਿਨ੍ਹਾਂ ’ਤੇ ਕਾਰਵਾਈ ਕਰਦਿਆਂ ਵਿਭਾਗ ਨੇ ਇਹ ਪੁਲ ਆਮ ਜਨਤਾ ਲਈ ਖੋਲ੍ਹ ਦਿੱਤਾ ਹੈ। ਪੁਲ ਦੇ ਖੁੱਲ੍ਹਣ ਨਾਲ ਸ਼ਹਿਰ ਵਾਸੀਆਂ ਨੇ ਰਾਹਤ ਮਹਿਸੂਸ ਕੀਤੀ ਹੈ। ਇਸ ਸਬੰਧੀ ਵਿਧਾਇਕਾ ਨੀਨਾ ਮਿੱਤਲ ਦੇ ਪੀਏ ਅਮਰਿੰਦਰ ਸਿੰਘ ਮੀਰੀ ਨੇ ਦੱਸਿਆ ਕਿ ਵਿਧਾਇਕਾ ਨੀਨਾ ਮਿੱਤਲ ਦੇ ਹੁਕਮਾਂ ’ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਅੱਜ ਪਹਿਲਾਂ ਦੋ ਪਹੀਆ ਵਾਹਨਾਂ ਲਈ ਪੁਲ ਖੋਲ੍ਹਿਆ ਅਤੇ ਟੈਸਟਿੰਗ ਤੋਂ ਬਾਅਦ ਇਸ ਪੁਲ ਨੂੰ ਚਾਰ ਪਹੀਆ ਵਾਹਨਾਂ ਲਈ ਵੀ ਚਾਲੂ ਕਰ ਦਿੱਤਾ। ਪੁਲ ’ਤੇ ਪਹਿਲਾਂ ਵਾਂਗ ਭਾਰੀ ਵਾਹਨਾਂ ਦੀ ਆਵਾਜਾਈ ਉਪਰ ਰੋਕ ਰਹੇਗੀ। ਉਨ੍ਹਾਂ ਦੱਸਿਆ ਕਿ ਹਾਲਾਂਕਿ ਪੁਲ ਨੂੰ ਸੋਮਵਾਰ ਨੂੰ ਖੋਲ੍ਹਣਾ ਸੀ, ਪਰ ਮੀਂਹ ਕਾਰਨ ਅੰਡਰਬ੍ਰਿਜ ਬੰਦ ਹੋਣ ਦੀ ਸਮੱਸਿਆ ਦੇ ਮੱਦੇਨਜ਼ਰ ਇਹ ਪੁਲ ਖੋਲ੍ਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੇ ਹਿੱਤਾਂ ਦੀ ਪਹਿਰੇਦਾਰ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਜਨਤਾ ਸਕੂਲ ਵਾਲਾ ਪੁਲ ਵੀ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਉਕਤ ਪੁਲ 2000 ਵਿਚ ਉਸ ਵੇਲੇ ਭਾਜਪਾ ਦੇ ਵਿਧਾਇਕ ਬਲਰਾਮ ਜੀ ਦਾਸ ਟੰਡਨ ਵੱਲੋਂ ਬਣਵਾਇਆ ਗਿਆ ਸੀ ਜਿਸ ਦੀ ਮੁਰੰਮਤ 20 ਸਾਲ ਬਾਅਦ ਭਾਵ ਕਿ 2020 ਵਿਚ ਕਰਨੀ ਤੈਅ ਕੀਤੀ ਗਈ ਸੀ ਪਰ ਪੁਲ ਦੀ ਕਿਸੇ ਕਾਰਨਾਂ ਕਰ ਕੇ ਮੁਰੰਮਤ ਦੇਰੀ ਹੋ ਗਈ। ਪੁਲ ਦੇ ਹੇਠਾਂ ਦੇ ਪਿੱਲਰ ਧੱਸ ਜਾਣ ਕਾਰਨ ਇਸ ਦੀ ਉੱਪਰਲੀ ਸਲੈਬ ਨੇ ਆਪਣਾ ਸਥਾਨ ਛੱਡ ਦਿੱਤਾ ਜੋ ਕਿ ਵਾਹਨ ਚਾਲਕਾਂ ਲਈ ਖ਼ਤਰਾ ਪੈਦਾ ਕਰ ਰਿਹਾ ਸੀ। ਵਿਧਾਇਕਾ ਮਿੱਤਲ ਨੇ ਦੋ ਮਹੀਨਾ ਪਹਿਲਾਂ ਇਸ ਦੀ ਮੁਰੰਮਤ ਦਾ ਉਦਘਾਟਨ ਕੀਤਾ ਸੀ। ਬਰਸਾਤਾਂ ਵਿਚ ਅਕਸਰ ਅੰਡਰਬ੍ਰਿਜ ਵਿਚ ਪਾਣੀ ਭਰ ਜਾਣ ਕਾਰਨ ਇਹ ਇਕਲੌਤਾ ਪੁਲ ਹੀ ਲੋਕਾਂ ਲਈ ਰਾਹਦਾਰੀ ਦਾ ਸਾਧਨ ਸੀ ਜਿਸ ਦੇ ਬੰਦ ਹੋਣ ਨਾਲ ਬਰਸਾਤਾਂ ਵਿਚ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

Advertisement

Advertisement