ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਿਸ਼ਵਤਖੋਰੀ: ਐੱਸਸੀ ਕਮਿਸ਼ਨ ਦੇ ਸਾਬਕਾ ਮੈਂਬਰ ਨੂੰ ਪੰਜ ਸਾਲ ਕੈਦ

07:59 AM Oct 03, 2023 IST

ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 2 ਅਕਤੂਬਰ
ਰਿਸ਼ਵਤਖੋਰੀ ਦੇ ਇਕ ਮਾਮਲੇ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਐੱਸਸੀ ਕਮਿਸ਼ਨ ਦੇ ਸਾਬਕਾ ਮੈਂਬਰ ਨੂੰ ਪੰਜ ਸਾਲ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਧੌਲਾ, ਜ਼ਿਲ੍ਹਾ ਬਰਨਾਲਾ ਦੇ ਮੇਜਰ ਸਿੰਘ ਨੇ 27 ਅਕਤੂਬਰ 2017 ਨੂੰ ਚੌਕਸੀ ਵਿਭਾਗ ਕੋਲ ਸ਼ਿਕਾਇਤ ਕੀਤੀ ਸੀ ਕਿ ਉਸ ਖ਼ਿਲਾਫ਼ ਉਸ ਦੇ ਹੀ ਪਿੰਡ ਦੇ ਇਕ ਵਿਅਕਤੀ ਨੇ ਐੱਸਸੀ ਐਕਟ ਤਹਿਤ ਪਹਿਲਾਂ ਤਾਂ ਪੁਲੀਸ ਨੂੰ ਸ਼ਿਕਾਇਤ ਕੀਤੀ ਜੋ ਕਿ ਪੁਲੀਸ ਨੇ ਦਾਖਲ ਦਫਤਰ ਕਰ ਦਿੱਤੀ ਸੀ। ਫਿਰ ਉਸ ਨੇ ਐੱਸਸੀ ਕਮਿਸ਼ਨ ਨੂੰ ਸ਼ਿਕਾਇਤ ਕਰ ਦਿੱਤੀ, ਜਿਸ ਦੀ ਪੜਤਾਲ ਐੱਸਸੀ ਕਮਿਸ਼ਨ ਵੱਲੋਂ ਕਮਿਸ਼ਨ ਦੇ ਤਤਕਾਲੀ ਮੈਂਬਰ ਬਾਬੂ ਸਿੰਘ ਪੰਜਾਵਾ ਨੂੰ ਭੇਜ ਦਿੱਤੀ ਗਈ। ਪੰਜਾਵਾ ਨੇ ਮੇਜਰ ਸਿੰਘ ਨੂੰ ਕਈ ਵਾਰ ਆਪਣੇ ਦਫਤਰ ਸੱਦਿਆ ਅਤੇ ਅਖੀਰ ਉਸ ਨੇ ਸ਼ਿਕਾਇਤ ਦਾਖ਼ਲ ਦਫਤਰ ਕਰਾਉਣ ਬਦਲੇ ਪੰਜ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ। ਅਖੀਰ ਉਨ੍ਹਾਂ ਦਾ ਸੌਦਾ ਢਾਈ ਲੱਖ ਰੁਪਏ ਵਿੱਚ ਤੈਅ ਹੋ ਗਿਆ। ਮੇਜਰ ਸਿੰਘ ਨੇ ਢਾਈ ਲੱਖ ਰੁਪਏ ਬਾਬੂ ਸਿੰਘ ਪੰਜਾਵਾ ਨੂੰ ਦੇ ਦਿੱਤੇ। ਇਸ ਤੋਂ ਬਾਅਦ ਬਾਬੂ ਸਿੰਘ ਨੇ ਫ਼ੈਸਲੇ ਦੀ ਕਾਪੀ ਦੇਣ ਬਦਲੇ ਉਸ ਕੋਲੋਂ 50 ਹਜ਼ਾਰ ਰੁਪਏ ਹੋਰ ਮੰਗੇ ਤਾਂ ਮੇਜਰ ਸਿੰਘ ਨੇ ਇਸ ਸਬੰਧੀ ਸ਼ਿਕਾਇਤ ਚੌਕਸੀ ਵਿਭਾਗ ਨੂੰ ਕਰ ਦਿੱਤੀ। ਚੌਕਸੀ ਵਿਭਾਗ ਵੱਲੋਂ ਪੰਜਾਵਾ ਨੂੰ ਰੰਗੇ ਹੱਥੀਂ ਕਾਬੂ ਕਰ ਕੇ ਉਸ ਖ਼ਿਲਾਫ਼ ਵਿਜੀਲੈਂਸ ਥਾਣਾ ਫਿਰੋਜ਼ਪੁਰ ਵਿੱਚ ਕੇਸ ਦਰਜ ਕਰ ਕੇ ਮਾਮਲਾ ਅਦਾਲਤ ਹਵਾਲੇ ਕਰ ਦਿੱਤਾ ਗਿਆ। ਅਦਾਲਤ ਨੇ ਬਾਬੂ ਸਿੰਘ ਪੰਜਾਵਾ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਪੰਜ ਸਾਲ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

Advertisement

Advertisement