ਰਿਸ਼ਵਤ ਮਾਮਲਾ: ਸਰਕਾਰ ਨੇ ਸੀਬੀਆਈ ਇੰਸਪੈਕਟਰ ਰਾਹੁਲ ਦਾ ਤਗ਼ਮਾ ਵਾਪਸ ਲਿਆ
06:00 AM Jan 01, 2025 IST
ਨਵੀਂ ਦਿੱਲੀ, 31 ਦਸੰਬਰ
ਸਰਕਾਰ ਨੇ ਸੀਬੀਆਈ ਇੰਸਪੈਕਟਰ ਰਾਹੁਲ ਰਾਜ ਨੂੰ ਜਾਂਚ ’ਚ ਉੱਤਮ ਕਾਰਗੁਜ਼ਾਰੀ ਲਈ 2023 ’ਚ ਦਿੱਤਾ ਗਿਆ ਕੇਂਦਰੀ ਗ੍ਰਹਿ ਮੰਤਰੀ ਦਾ ਤਗ਼ਮਾ ਵਾਪਸ ਲੈ ਲਿਆ ਹੈ। ਏਜੰਸੀ ਵੱਲੋਂ ਉਸੇ ਸਾਲ ਰਾਹੁਲ ਨੂੰ ਕਥਿਤ 10 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜੇ ਜਾਣ ਮਗਰੋਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਇਹ ਕਦਮ ਸੀਬੀਆਈ ਡਾਇਰੈਕਟਰ ਪਰਵੀਨ ਸੂਦ ਦੀ ਸਿਫਾਰਸ਼ ’ਤੇ ਚੁੱਕਿਆ ਗਿਆ ਹੈ, ਜਿਨ੍ਹਾਂ ਨੇ ਏਜੰਸੀ ਦੀ ਅੰਦਰੂਨੀ ਵਿਜੀਲੈਂਸ ਪ੍ਰਕਿਰਿਆ ’ਚ ਭ੍ਰਿਸ਼ਟ ਪਾਏ ਗਏ ਅਨਸਰਾਂ ਖ਼ਿਲਾਫ਼ ਕਰਵਾਈ ਕੀਤੀ ਹੈ। ਰਾਹੁਲ ਰਾਜ ਨੂੰ 2023 ’ਚ 19 ਮਈ ਨੂੰ ਮਾਲੇ ਨਰਸਿੰਗ ਕਾਲਜ ਦੇ ਚੇਅਰਮੈਨ ਅਨਿਲ ਭਾਸਕਰਨ ਤੇ ਉਸ ਦੀ ਪਤਨੀ ਸੂਮਾ ਅਨਿਲ ਤੋਂ 10 ਦਸ ਲੱਖ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ। ਉਕਤ ਜੋੜੇ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਸੀਬੀਆਈ ਨੇ ਇਹ ਕਾਰਵਾਈ ਆਪਣੇ ਅੰਦਰੂਨੀ ਵਿਜੀਲੈਂਸ ਯੂਨਿਟ ਦੀ ਸੂਹ ’ਤੇ ਕੀਤੀ ਸੀ। -ਪੀਟੀਆਈ
Advertisement
Advertisement